ਵਿਧਾਇਕ ਪਰਾਸ਼ਰ ਨੇ ਟਰਾਂਸਪੋਰਟ ਨਗਰ ਵਿੱਚ ਕੰਕਰੀਟ ਦੀਆਂ ਸੜਕਾਂ ਬਣਾਉਣ ਲਈ 1.55 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਕੀਤਾ ਉਦਘਾਟਨ

ਲੁਧਿਆਣਾ, (ਰਾਜ)ਟਰਾਂਸਪੋਰਟ ਨਗਰ ਵਿੱਚ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ, ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਮੰਗਲਵਾਰ ਨੂੰ ਟਰਾਂਸਪੋਰਟ ਨਗਰ ਵਿੱਚ ਕੰਕਰੀਟ ਦੀਆਂ ਸੜਕਾਂ ਬਣਾਉਣ ਲਈ 1.55 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ।

ਟਰਾਂਸਪੋਰਟਰਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਵਿਧਾਇਕ ਪਰਾਸ਼ਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਟਰਾਂਸਪੋਰਟ ਨਗਰ ਦੀਆਂ ਵੱਖ-ਵੱਖ ਸੜਕਾਂ ਦਾ ਪੁਨਰ ਨਿਰਮਾਣ ਕੀਤਾ ਜਾਵੇਗਾ। ਅਧਿਕਾਰੀਆਂ ਨੂੰ ਕੰਕਰੀਟ ਦੀਆਂ ਸੜਕਾਂ (ਆਰ.ਸੀ.ਸੀ.) ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਸੜਕਾਂ ਨੂੰ ਨੁਕਸਾਨ ਨਾ ਪਹੁੰਚੇ।

ਟਰਾਂਸਪੋਰਟਰਾਂ ਦੀਆਂ ਮੰਗਾਂ ਨੂੰ ਸੁਣਦੇ ਹੋਏ ਵਿਧਾਇਕ ਪਰਾਸ਼ਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਟਰਾਂਸਪੋਰਟ ਨਗਰ ਵਿੱਚੋਂ ਲੰਘਦੇ ਨਾਲੇ ਨੂੰ ਢੱਕਣ ਦੀ ਤਜਵੀਜ਼ ‘ਤੇ ਕੰਮ ਕਰਨ ਦੇ ਨਿਰਦੇਸ਼ ਵੀ ਦਿੱਤੇ। ਟਰਾਂਸਪੋਰਟ ਨਗਰ ਵਿੱਚ ਪਾਰਕਿੰਗ ਏਰੀਆ ਨੂੰ ਸੁਧਾਰਨ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ।

ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦੇ ਚੇਅਰਮੈਨ ਚਰਨ ਸਿੰਘ ਲੋਹਾਰਾ ਸਮੇਤ ਐਸੋਸੀਏਸ਼ਨ ਦੇ ਹੋਰ ਮੈਂਬਰਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਟੁੱਟੀਆਂ ਸੜਕਾਂ ਕਾਰਨ ਟਰਾਂਸਪੋਰਟਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਟਰਾਂਸਪੋਰਟਰਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਨ ਅਤੇ ਕੰਕਰੀਟ ਦੀਆਂ ਸੜਕਾਂ ਬਣਾਉਣ ਦਾ ਪ੍ਰਾਜੈਕਟ ਸ਼ੁਰੂ ਕਰਨ ਲਈ ਵਿਧਾਇਕ ਪਰਾਸ਼ਰ ਦੇ ਯਤਨਾਂ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *