ਲੁਧਿਆਣਾ : ਹਿੱਟ ਐਂਡ ਰਨ ਕਾਨੂੰਨ (hit and run law) ਦੇ ਵਿਰੋਧ ‘ਚ ਡਰਾਈਵਰਾਂ ਵਲੋਂ ਕੀਤੀ ਗਈ ਹੜਤਾਲ ਕਾਰਨ ਐੱਲ.ਪੀ.ਜੀ. ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਜ਼ਿਆਦਾਤਰ ਗੈਸ ਏਜੰਸੀਆਂ 2 ਤਰੀਕ ਤੋਂ ਬਾਅਦ ਕੀਤੀ ਜਾਣ ਵਾਲੀ ਬੁਕਿੰਗ ਲਈ ਖਪਤਕਾਰਾਂ ਨੂੰ ਸਪਲਾਈ ਨਹੀਂ ਦੇ ਰਹੀਆਂ, ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਡਰਾਈਵਰਾਂ ਵੱਲੋਂ ਇੰਡੀਅਨ ਗੈਸ ਕੰਪਨੀ ਨਾਲ ਸਬੰਧਿਤ ਨਾਭਾ ਪਲਾਂਟ ਦੇ ਬਾਹਰ ਸਵੇਰ ਤੋਂ ਹੀ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਘਰੇਲੂ ਗੈਸ ਸਿਲੰਡਰ ਨਾਲ ਭਰੀਆਂ ਗੱਡੀਆਂ ਦਾ ਚੱਕਾ ਜਾਮ ਹੋ ਗਿਆ ਅਤੇ ਗੈਸ ਏਜੰਸੀਆਂ ‘ਤੇ ਸਿਲੰਡਰਾਂ ਦੀ ਸਪਲਾਈ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।
ਉੱਥੇ ਹੀ ਸੂਬੇ ‘ਚ ਚੱਲ ਪੈ ਰਹੀ ਕੜਾਕੇ ਦੀ ਠੰਡ ਕਾਰਨ ਹਰ ਘਰ ‘ਚ ਗੈਸ ਦਾ ਇਸਤੇਮਾਲ ਜ਼ੋਰਾਂ ‘ਤੇ ਹੋ ਰਿਹਾ ਹੈ, ਇਸ ਦੌਰਾਨ ਗੈਸ ਦੀ ਸਪਲਾਈ ਨਾ ਹੋਣ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਦੇਸ਼ ਭਰ ਵਿੱਚ ਹੰਗਾਮਾ ਹੋਇਆ ਸੀ। ਲੋਕ ਆਪਣੇ ਵਾਹਨਾਂ ਦੀਆਂ ਟੈਂਕੀਆਂ ਭਰਨ ਲਈ ਕਤਾਰਾਂ ਵਿੱਚ ਖੜ੍ਹੇ ਸਨ। ਇੱਥੋਂ ਤੱਕ ਕਿ ਲੋਕ ਘਰ ਦੇ ਭਾਂਡੇ ਅਤੇ ਬਾਲਟੀਆਂ ਲੈ ਕੇ ਪਹੁੰਚ ਰਹੇ ਸਨ।