ਸਰਪੰਚਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਬੀ.ਡੀ.ਪੀ.ਓ. ਗ੍ਰਿਫ਼ਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਅੱਜ ਬਲਾਕ ਮਮਦੋਟ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਤਾਇਨਾਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀਡੀਪੀਓ) ਸਰਬਜੀਤ ਸਿੰਘ ਨੂੰ ਇਲਾਕੇ ਦੇ ਸਰਪੰਚਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਬੀਡੀਪੀਓ ਨੂੰ ਜਾਂਚ ਉਪਰੰਤ ਰਿਸ਼ਵਤਾਂ ਲੈਣ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਮਮਦੋਟ ਦੇ ਪਿੰਡ ਕੋਠੇ ਕਿੱਲੀ ਵਾਲੇ ਦੇ ਸਰਪੰਚ ਪਿੱਪਲ ਸਿੰਘ, ਪਿੰਡ ਮੁਹੰਮਦ ਖਾਨ ਨਿਆਜੀਆਂ ਦੇ ਸਰਪੰਚ ਪ੍ਰਗਟ ਸਿੰਘ, ਪਿੰਡ ਗੱਟੀ ਮਸਤਾਨ ਨੰਬਰ 2 ਦੇ ਸਰਪੰਚ ਅਨੋਖ ਸਿੰਘ, ਪਿੰਡ ਚੱਕ ਅਮਰੀਕ ਸਿੰਘ ਵਾਲਾ ਦੀ ਸਰਪੰਚ ਪਰਮਜੀਤ ਕੌਰ ਦੇ ਪਤੀ ਗੁਰਬਚਨ ਸਿੰਘ, ਗੱਟੀ ਮਸਤਾ ਨੰਬਰ-01 ਪਿੰਡ ਦੇ ਸਰਪੰਚ ਸਰਜੀਤ ਸਿੰਘ ਅਤੇ ਪਿੰਡ ਕੋਟ ਬਿਸ਼ਨ ਸਿੰਘ ਮਾਨਾਵਾਲਾ ਦੇ ਸਰਪੰਚ ਪਰਮਜੀਤ ਸਿੰਘ ਨੇ ਤਫ਼ਤੀਸ਼ੀ ਅਫ਼ਸਰ ਅੱਗੇ ਬਿਆਨ ਦਿੱਤਾ ਕਿ ਉਕਤ ਬੀ.ਡੀ.ਪੀ.ਓ. ਬਲਾਕ ਦੀਆਂ ਪੰਚਾਇਤਾਂ ਦੇ ਕੰਮ ਕਰਵਾਉਣ ਤੋਂ ਪਹਿਲਾਂ ਅਤੇ ਕੰਮ ਮੁਕੰਮਲ ਹੋਣ ਤੋਂ ਬਾਅਦ ਉਨ੍ਹਾਂ ਤੋਂ ਰਿਸ਼ਵਤਾਂ ਲੈਂਦਾ ਸੀ। ਉਨ੍ਹਾਂ ਅੱਗੇ ਹੋਰ ਦੋਸ਼ ਲਾਇਆ ਕਿ ਜੇਕਰ ਉਸ ਨੂੰ ਰਿਸ਼ਵਤ ਨਹੀਂ ਸੀ ਦਿੱਤੀ ਜਾਂਦੀ ਤਾਂ ਉਹ ਪਿੰਡ ਦੇ ਕੰਮਾਂ ਸਬੰਧੀ ਮਨਜ਼ੂਰੀਆਂ ਦੇਣ ਵਿੱਚ ਦੇਰੀ ਕਰਦਾ ਸੀ।

Leave a Reply

Your email address will not be published. Required fields are marked *