ਪੰਜਾਬੀ ਸਿਨਮਾ ਦੇ ਮਾਣ ‘ਚ ਵਾਧਾ ਕਰੇਗੀ “ਜੱਟਾ ਡੋਲੀ ਨਾ”

ਪੰਜਾਬੀ ਸਿਨਮਾ ਲਈ ਇਹ ਸਾਲ ਬੇਹੱਦ ਖਾਸ ਰਿਹਾ ਹੈ। ਹੁਣ ਅਗਲੇ ਸਾਲ ਦੀ ਸ਼ੁਰੂਆਤ ਵੀ ਇਸ ਸ਼ਾਨਦਾਰ ਤੇ ਮੌਟੀਵੇਸ਼ਨਲ ਫਿਲਮ “ਜੱਟਾ ਡੋਲੀ ਨਾ” ਨਾਲ ਹੋ ਰਹੀ ਹੈ। ਨਵੇਂ ਸਾਲ ਦੀ ਇਹ ਪਹਿਲੀ ਫਿਲਮ 5 ਜਨਵਰੀ ਨੂੰ ਰਿਲੀਜ ਹੋ ਰਹੀ ਹੈ। ਫਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਦਰਸ਼ਕਾਂ ਦੀ ਪਸੰਦ ਬਣਿਆ ਹੋਇਆ ਹੈ। ਨਾਮਵਾਰ ਗਾਇਕ ਦਲੇਰ ਮਹਿੰਦੀ ਦਾ ਗਾਇਆ ਫਿਲਮ ਦਾ ਟਾਈਟਲ ਗੀਤ “ਜੱਟਾ ਡੋਲੀ ਨਾ” ਨੌਜਵਾਨ ਪੀੜੀ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰ ਰਿਹਾ ਹੈ।

ਬੀ.ਐਮ.ਪੀ ਫ਼ਿਲਮਜ਼ ਦੇ ਬੈਨਰ ਹੇਠ ਬਣੀ ਨਿਰਮਾਤਾ ਨਰਿੰਦਰ ਸਿੰਘ ਦੀ ਇਸ ਫਿਲਮ ਨੂੰ ਭੁਪਿੰਦਰ ਸਿੰਘ ਬਮਰਾ ਨੇ ਡਾਇਰੈਕਟ ਕੀਤਾ ਹੈ। ਪੰਜਾਬੀ ਫ਼ਿਲਮ “ਜਿੰਦਰਾ” ਅਤੇ “ਸੌਂਹ ਮਿੱਟੀ ਦੀ” ਜ਼ਰੀਏ ਕਾਬਲ ਅਦਾਕਾਰ ਹੋਣ ਦਾ ਅਹਿਸਾਸ ਕਰਵਾ ਚੁੱਕਾ ਅਦਾਕਾਰ ਕਿਰਨਦੀਪ ਰਾਇਤ ਇਸ ਫ਼ਿਲਮ ਜਰੀਏ ਪਹਿਲੀ ਵਾਰ ਇੱਕ ਵੱਖਰੇ ਅੰਦਾਜ਼ ਵਿੱਚ ਵੱਡੇ ਪਰਦੇ ‘ਤੇ ਨਜ਼ਰ ਆਵੇਗਾ। ਇਸ ਫ਼ਿਲਮ ਦੀ ਹੀਰੋਇਨ ਪ੍ਰਭ ਗਰੇਵਾਲ ਹੈ। ਫਿਲਮ ਵਿੱਚ ਜਰਨੈਲ ਸਿੰਘ, ਨਰਿੰਦਰ ਨੀਨਾ, ਸਵਿੰਦਰ ਮਾਹਲ, ਪਰਮਿੰਦਰ ਗਿੱਲ, ਸੰਤੋਸ਼ ਮਲਹੋਤਰਾ, ਗੁਰਪ੍ਰੀਤ ਬੀ.ਐਮ.ਪੀ., ਸਨੀ ਗਿੱਲ, ਗੁਰਿੰਦਰ ਸਰਾਂ, ਸਿਮਰਜੀਤ ਸਿੰਘ ਅਤੇ ਸੁੱਗਲੀ-ਜੁਗਲੀ ਨੇ ਸ਼ਾਨਦਾਰ ਭੂਮਿਕਾ ਅਦਾ ਕੀਤੀ ਹੈ। ਨੈਸ਼ਨਲ ਖੇਡਾਂ ਵਿੱਚ ਸ਼ੁਮਾਰ ਕਰ ਚੁੱਕੀ ਖੇਡ ਮਾਰਸ਼ਲ ਆਰਟ ‘ਤੇ ਅਧਾਰਿਤ ਇਹ ਫ਼ਿਲਮ ਹੀ ਤੋਂ ਲੱਥੇ ਇਕ ਨੌਜਵਾਨ ਦੀ ਮੁੜ ਤੋਂ ਲੀਹ ‘ਤੇ ਆਉਣ ਦੀ ਕਹਾਣੀ ਹੈ, ਜੋ ਦਰਸ਼ਕਾਂ ਨੂੰ ਪ੍ਰਭਾਵਿਤ ਵੀ ਕਰਦੀ ਹੈ ਅਤੇ ਉਤਸ਼ਾਹਿਤ ਵੀ। ਇਹ ਮਨੋਰੰਜਨ ਭਰਪੂਰ ਡਰਾਮਾ ਫ਼ਿਲਮ ਹੈ ਜੋ ਹਰ ਵਰਗ ਦੇ ਦਰਸ਼ਕਾਂ ਨੂੰ ਧਿਆਨ ਵਿੱਚ ਰੱਖਕੇ ਦਿਖਾਈ ਗਈ ਹੈ। ਫਿਲਮ ਦੇ ਟ੍ਰੇਲਰ ਮੁਤਾਬਕ ਇਸ ਫ਼ਿਲਮ ਵਿੱਚ ਇੱਕ ਖੂਬਸੂਰਤ ਪ੍ਰੇਮ ਕਹਾਣੀ ਵੀ ਹੈ।  ਫਿਲਮ ਦੇ ਨਿਰਦੇਸ਼ਕ ਭੁਪਿੰਦਰ ਸਿੰਘ ਮੁਤਾਬਕ ਇਹ ਪੰਜਾਬੀ ਦੀ ਪਹਿਲੀ ਫਿਲਮ ਹੋਵੇਗੀ ਜੋ ਮਾਰਸ਼ਲ ਆਰਟ ਨੂੰ ਉਤਸ਼ਾਹਿਤ ਕਰਦੀ ਹੈ। ਹੁਣ ਇਹ ਖੇਡ ਸਿਰਫ ਨਿਹੰਗ-ਸਿੰਘਾਂ ਦੀ ਹੀ ਨਹੀੰ ਬਲਕਿ ਨੈਸ਼ਨਲ ਖੇਡਾਂ ਵਿੱਚ ਸ਼ਾਮਲ ਹੋਣ ਨਾਲ ਕੋਈ ਵੀ ਨੌਜਵਾਨ ਮਾਰਸ਼ਲ ਆਰਟ ਸਿੱਖ ਕੇ ਕੌਮੀ ਖੇਡਾਂ ਵਿੱਚ ਭਾਗ ਲੈ ਸਕਦਾ ਹੈ।  ਫਿਲਮ

ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਆਮ ਨੌਜਵਾਨ ਆਪਣੀ ਜ਼ਿੰਦਗੀ ਦੀ ਮੰਜਿਲ ਹਾਸਲ ਕਰਨ ਲਈ ਮਾਰਸ਼ਲ ਆਰਟ ਸਿੱਖਦਾ ਹੈ। ਡਾਇਰੈਕਟਰ ਮੁਤਾਬਕ ਇਸ ਫਿਲਮ ਦਾ ਹੀਰੋ ਇੱਕ ਸਿੱਖ ਨੌਜਵਾਨ ਕਿਰਨਦੀਪ ਰਾਇਤ ਹੈ। ਇਸ ਫਿਲਮ ਤੋਂ ਬਾਅਦ ਉਸਦਾ ਸ਼ੁਮਾਰ ਪੰਜਾਬੀ ਦੇ ਸਫਲ ਤੇ ਕਾਬਲ ਕਲਾਕਾਰਾਂ ਵਿੱਚ ਹੋਵੇਗਾ।

ਫਿਲਮ ਦੇ ਨਾਇਕ ਕਿਰਨਦੀਪ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਫਿਲਮ ਲਈ ਉਸਨੇ ਕਾਫੀ ਮਿਹਨਤ ਕੀਤੀ ਹੈ। ਉਹ ਸਿੱਖ ਪਰਿਵਾਰ ਨਾਲ ਸਬੰਧਿਤ ਹੈ ਇਸ ਲਈ ਗਤਕਾ ਯਾਨੀ ਮਾਰਸ਼ਲ ਆਰਟ ਦੀ ਉਸਨੂੰ ਜਾਣਕਾਰੀ ਸੀ ਪਰ ਉਸਨੇ ਇਸ ਫਿਲਮ ਲਈ ਬਕਾਇਦਾ ਇਸ ਦੀ ਟਰੇਨਿੰਗ ਲਈ ਹੈ। ਕਿਰਨਦੀਪ ਮੁਤਾਬਕ ਇਹ ਉਸਦੀ ਖੁਸ਼ਕਿਸਮਤੀ ਹੈ ਕਿ ਉਸਨੂੰ ਇਸ ਕਿਸਮ ਦੀ ਸ਼ਾਨਦਾਰ ਫਿਲਮ ਦਾ ਹਿੱਸਾ ਬਣਨ ਦਾ ਮਾਣ ਹਾਸਲ ਹੋਇਆ ਹੈ। ਬਿਨਾਂ ਸ਼ੱਕ ਇਹ ਫਿਲਮ ਦਰਸ਼ਕਾਂ ਦੀ ਕਸਵੱਟੀ ਤੇ ਖਰਾ ਉਤਰੇਗੀ। ਕਈ ਮਿਊਜ਼ਿਕ ਵੀਡੀਓਜ ਅਤੇ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਨਾਇਕਾ ਪ੍ਰਭ ਗਰੇਵਾਲ ਮੁਤਾਬਕ ਇਸ ਫ਼ਿਲਮ ਵਿੱਚ ਦਰਸ਼ਕ ਉਸਨੂੰ ਇੱਕ ਵੱਖਰੇ ਅੰਦਾਜ਼ ਵਿੱਚ ਦੇਖਣਗੇ। ਇਹ ਫਿਲਮ ਉਸਦੇ ਫ਼ਿਲਮੀ ਕੈਰੀਅਰ ਲਈ ਬੇਹੱਦ ਅਹਿਮ ਫਿਲਮ ਹੈ। ਇਸ ਫਿਲਮ ਤੋਂ ੳਸਨੂੰ ਵੱਡੀਆਂ ਉਮੀਦਾਂ ਹਨ। ਫਿਲਮ ਦੀ ਟੀਮ ਮੁਤਾਬਕ ਇਸ ਫਿਲਮ ਦਾ ਮਿਊਜ਼ਿਕ ਵੀ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ। ਫਿਲਮ ਦੇ ਗੀਤ ਮਾਹੀ, ਵਿਸ਼ਾਲ ਸੱਚਦੇਵਾ ਅਤੇ ਬਲਜੀਤ ਬੱਬਰ ਅਤੇ ਕੰਨਵ ਨੇ ਲਿਖੇ ਹਨ, ਜਿੰਨ੍ਹਾਂ ਨੂੰ ਆਵਾਜ਼ ਦਲੇਰ ਮਹਿੰਦੀ,ਸ਼ਿਪਰਾ ਗੋਇਲ, ਰੌਸ਼ਨ ਪ੍ਰਿੰਸ਼, ਨਛੱਤਰ ਗਿੱਲ , ਜੇ ਐਸ ਐਲ ਅਤੇ ਫਿਰੋਜ ਖਾਨ ਨੇ ਦਿੱਤੀ ਹੈ। ਫਿਲਮ ਦਾ ਸੰਗੀਤ ਗੁਰਪ੍ਰੀਤ ਬੀਐਮਪੀ ਨੇ ਤਿਆਰ ਕੀਤਾ। ਪੰਜਾਬੀ ਸਿਨਮਾ ਨੂੰ ਚਾਰ ਚੰਨ ਲਾਉਣ ਜਾ ਰਹੀ ਇਸ ਫ਼ਿਲਮ ਨੂੰ ਸੋਸ਼ਲ ਮੀਡੀਆ ‘ਤੇ ਮਿਲ ਰਿਹਾ ਹੁੰਗਾਰਾ ਦੱਸਦਾ ਹੈ ਕਿ ਇਹ ਫਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇਗੀ।

Leave a Reply

Your email address will not be published. Required fields are marked *