ਪਿੰਡ ਸੰਦੌੜ ਦੇ ਕਿਸਾਨ ਸ੍ਰੀ ਤੀਰਥ ਸਿੰਘ ਨੇ ਬਾਗ਼ਬਾਨੀ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਈ

ਮਾਲੇਰਕੋਟਲਾ 22 ਦਸੰਬਰ :
ਮਿਹਨਤ ਕਸ਼ ਲੋਕ ਆਪਣੇ ਜੀਵਨ ਵਿੱਚ ਨਵੀਂਆਂ ਅਬਾਰਤਾਂ ਹੀ ਨਹੀਂ ਲਿਖਦੇ ਸਗੋਂ ਉਨ੍ਹਾਂ ਦੇ ਪਰਿਵਾਰ ਵੀ ਸਮਾਜ ਲਈ ਚਾਨਣ ਦੇ ਮੁਨਾਰੇ ਦਾ ਕੰਮ ਕਰਦੇ ਹਨ ਅਤੇ ਹੋਰਾਂ ਨੂੰ ਰਾਹ ਵਿਖਾਉਂਦੇ ਹੋਏ ਦਸੇਰਾ ਬਣਦੇ ਹਨ । ਅਜੋਕੇ ਸਮੇਂ ਦੀ ਖੇਤੀ ਪ੍ਰਣਾਲੀ ਵਿੱਚ ਖੇਤੀ ਵਿਭਿੰਨਤਾ ਵੱਲ ਹੁੰਗਾਰਾ ਭਰਦਿਆਂ ਪਿੰਡ ਸੰਦੌੜ ਜ਼ਿਲ੍ਹਾ ਮਲੇਰਕੋਟਲਾ ਦੇ ਮਿਹਨਤੀ ਕਿਸਾਨ ਸ੍ਰੀ ਤੀਰਥ ਸਿੰਘ ਨੇ ਬਾਗ਼ਬਾਨੀ ਦੇ ਖੇਤਰ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਨ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ ਜੋ ਕਿ ਇਲਾਕੇ ਦੇ ਕਿਸਾਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਜ਼ਿਕਰ ਯੋਗ ਹੈ  ਕਿ ਦਸਵੀਂ ਪਾਸ ਅਗਾਂਹਵਧੂ ਕਿਸਾਨ ਆਪਣੀ ਮਿਹਨਤ ਅਤੇ ਬਾਗ਼ਬਾਨੀ ਵਿਭਾਗ ਦੇ ਸਹਿਯੋਗ ਨਾਲ ਫ਼ਸਲੀ ਵਿਭਿੰਨਤਾ ਅਪਣਾ ਕੇ ਆਰਥਿਕ ਤੌਰ ਤੇ ਆਤਮ ਨਿਰਭਰ ਹੋਣ ਉਪਰੰਤ ਕਿਸਾਨ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਖੇਤੀਬਾੜੀ ਦੀ ਪੜਾਈ ਕਰਵਾਈ । ਇੱਕ ਪੁੱਤਰ ਨੇ ਖੇਤੀਬਾੜੀ ਵਿੱਚ ਪੋਸਟ ਗਰੈਜੂਏਟ  ਤੱਕ ਦੀ ਤਾਲੀਮ ਹਾਸਲ ਕਰਨ ਉਪਰੰਤ ਸਕਾਲਰਸ਼ਿਪ ਤੇ ਅਮਰੀਕਾ ਵਿਖੇ ਖੇਤੀਬਾੜੀ ਵਿਸ਼ੇ ਤੇ ਪੀ.ਐਚ.ਡੀ. ਕਰਨ ਲਈ ਅਤੇ ਦੂਜੇ ਨੂੰ ਵੀ ਵਿਦੇਸ਼ ਭੇਜ ਕੇ ਇਲਾਕੇ ਲਈ ਮਿਸਾਲ ਕਾਇਮ ਕੀਤੀ ।
ਸਾਲ 1996-97 ਦੌਰਾਨ ਬਾਗ਼ਬਾਨੀ ਵਿਭਾਗ ਦੇ ਸਹਿਯੋਗ ਨਾਲ ਸ੍ਰੀ ਤੀਰਥ ਸਿੰਘ ਨੇ  ਸਬਜ਼ੀਆਂ ਦੀ ਢੁਕਵੀਂ ਖੇਤੀ ਵਿੱਚ ਪਹਿਲ ਕੀਤੀ । ਉਸ ਨੇ ਤਿੰਨ ਕਨਾਲ ਰਕਬੇ ਵਿਚ ਨੈੱਟ ਹਾਊਸ ਸਥਾਪਿਤ ਕੀਤਾ ਸੀ । ਅਗਾਂਹਵਧੂ ਕਿਸਾਨ ਨੇ ਆਪਣੀ ਮਿਹਨਤ ਸਦਕਾ ਸਾਲ 2009 ਵਿੱਚ ਮੁੱਖ  ਮੰਤਰੀ ਐਵਾਰਡ ਸਾਲ 2014 ਵਿੱਚ ਪੂਨਾ ਵਿਖੇ ਕ੍ਰਿਸ਼ੀ ਸੰਸਥਾ ਤੋਂ ਇਲਾਵਾ ਜ਼ਿਲ੍ਹੇ ਪੱਧਰ ਤੇ ਕਈ ਇਨਾਮ ਆਪਣੀ ਝੋਲੀ ਪਾਏ ਸਨ ।
ਨਵੇਕਲੀ ਅਤੇ ਅਗਾਂਹਵਧੂ ਸੋਚ ਦੇ ਮਾਲਕ ਕਿਸਾਨ  ਹੁਣ 04 ਏਕੜ ਵਿੱਚ ਸਬਜ਼ੀਆਂ, ਗੰਢਿਆਂ ਦੀ ਪਨੀਰੀ, ਹਾਈਬ੍ਰਿਡ ਮਿਰਚ ਸੀ.ਐਚ-1, ਸੀ.ਐਚ -2  ਦਾ ਬੀਜ ਤਿਆਰ ਕਰਕੇ ਕਰੀਬ 800 ਸਬਜ਼ੀ ਉਤਪਾਦਕਾਂ ਨੂੰ ਪੌਦ ਮੁਹੱਈਆ ਕਰਵਾ ਰਿਹਾ ਹੈ । ਖੇਤੀਬਾੜੀ ਵਿਭਾਗ , ਹੋਰ ਸਲਾਹਕਾਰਾਂ ਅਤੇ ਆਧੁਨਿਕ ਤਕਨੀਕੀ ਦਾ ਸਾਥੀ ਬਣ ਕੇ ਉਹ ਆਉਣ ਵਾਲੇ ਸਮੇਂ ਵਿੱਚ ਫਲਦਾਰ ਬੂਟਿਆਂ ਦੀ ਨਰਸਰੀ ਲਗਾਉਣ ਦੇ ਟੀਚੇ ਵੱਲ ਵੱਧ ਕੇ ਨਵੀਂ ਇਬਾਰਤ ਲਿਖਣ ਲਈ ਤਿਆਰੀ ਕਰ ਰਿਹਾ ਹੈ।
ਉਸ ਨੇ ਹੋਰ ਕਿਸਾਨਾਂ ਅਤੇ ਫ਼ਸਲਾਂ ਦੇ ਕਾਸ਼ਤਕਾਰਾਂ ਨੂੰ ਸੰਦੇਸ਼ ਦਿੰਦਿਆਂ ਕਿਹਾ  ਕਿ ਸਾਨੂੰ ਸਾਰਿਆਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਲਈ ਰਲ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ ਅਤੇ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਸਬਜ਼ੀਆਂ ਦੀ ਖੇਤੀ/ ਕੈਸ਼ ਕਰੋਪਸ ਦੀ ਕਾਸ਼ਤ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ ।
ਸਹਾਇਕ ਡਾਇਰੈਕਟਰ ਬਾਗ਼ਬਾਨੀ ਹਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਵਿੱਚ ਬਾਗ਼ਬਾਨੀ ਅਤੇ ਫੂਡ ਪ੍ਰੋਸੈਸਿੰਗ ਸੈਕਟਰ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਕੀਤੇ ਜਾ ਰਹੀ ਹਨ ਤਾਂ ਜੋ ਬਾਗ਼ਬਾਨੀ ਨੂੰ ਲਾਹੇਵੰਦ ਉੱਦਮ ਬਣਾਉਣ ਅਤੇ ਫ਼ਸਲੀ ਵਿਭਿੰਨਤਾ ਲਿਆਉਣ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ ਅਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕੇ । ਸਰਕਾਰ ਵੱਲੋਂ ਬਾਗ਼ਬਾਨੀ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਸਬਸਿਡੀਆਂ ਵੀ ਦਿੱਤੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *