ਪਹਿਲੇ ਦੋ ਮੈਚਾਂ ‘ਚ ਹਾਰ ਤੋਂ ਬਾਅਦ ਟੀਮ ਇੰਡੀਆ ਨੇ ਜਿੱਤਿਆ ਤੀਜਾ ਟੀ-20 ਮੈਚ

ਮੁੰਬਈ : ਟੀਮ ਇੰਡੀਆ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ (Wankhede Stadium) ‘ਚ ਇੰਗਲੈਂਡ ਖ਼ਿਲਾਫ਼ ਵਾਪਸੀ ਕਰਦੇ ਹੋਏ ਤੀਜਾ ਟੀ-20 ਮੈਚ ਜਿੱਤ ਲਿਆ ਹੈ। ਹਾਲਾਂਕਿ, ਉਹ ਸੀਰੀਜ਼ 2-1 ਨਾਲ ਹਾਰ ਗਏ। ਇੰਗਲੈਂਡ ਦੀ ਟੀਮ ਪਹਿਲਾਂ ਖੇਡਦਿਆਂ ਕਪਤਾਨ ਹੀਦਰ ਨਾਈਟ ਦੇ ਅਰਧ ਸੈਂਕੜੇ ਦੇ ਬਾਵਜੂਦ ਸਿਰਫ਼ 126 ਦੌੜਾਂ ਹੀ ਬਣਾਇਆ। ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਦੋ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਟੀਮ ਦੇ ਲਈ ਸੈਕਾ ਇਸ਼ਾਕ ਅਤੇ ਸ਼੍ਰੇਅੰਕਾ ਪਾਟਿਲ ਨੇ ਤਿੰਨ-ਤਿੰਨ ਵਿਕਟਾਂ ਜਦਕਿ ਰੇਣੁਕਾ ਸਿੰਘ ਅਤੇ ਅਮਨਜੋਤ ਕੌਰ ਨੇ ਦੋ-ਦੋ ਵਿਕਟਾਂ ਲਈਆਂ। ਜਵਾਬ ‘ਚ ਟੀਮ ਇੰਡੀਆ ਨੇ 127 ਦੌੜਾਂ ਦਾ ਟੀਚਾ ਸਮ੍ਰਿਤੀ ਮੰਧਾਨਾ ਦੀਆਂ 48 ਦੌੜਾਂ ਦੀ ਪਾਰੀ ਦੀ ਬਦੌਲਤ 19 ਓਵਰਾਂ ‘ਚ ਹਾਸਲ ਕਰ ਲਿਆ।

ਇੰਗਲੈਂਡ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਓਪਨਰ ਐਮ ਬਾਊਚਰ ਨੂੰ ਪਹਿਲੀ ਹੀ ਗੇਂਦ ‘ਤੇ ਰੇਣੁਕਾ ਸਿੰਘ ਨੇ ਬੋਲਡ ਕਰ ਦਿੱਤਾ। ਬੇਨ ਡੰਕਲੇ ਜਿੱਥੇ 11 ਦੌੜਾਂ ਹੀ ਬਣਾ ਸਕੀ, ਉੱਥੇ ਐਲੀਸਾ ਕੇਪਸੀ ਵੀ 7 ਦੌੜਾਂ ਬਣਾ ਕੇ ਆਊਟ ਹੋ ਗਈ ਪਰ ਇਸ ਤੋਂ ਬਾਅਦ ਕਪਤਾਨ ਹੀਦਰ ਨਾਈਟ ਅਤੇ ਐਮੀ ਜੋਨਸ ਨੇ ਸਕੋਰ ਨੂੰ ਅੱਗੇ ਵਧਾਇਆ। ਹੀਦਰ ਨੇ 42 ਗੇਂਦਾਂ ‘ਚ 3 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਐਮੀ ਜੋਨਸ ਨੇ 21 ਗੇਂਦਾਂ ਵਿੱਚ 3 ਚੌਕਿਆਂ ਦੀ ਮਦਦ ਨਾਲ 25 ਦੌੜਾਂ ਬਣਾਈਆਂ। ਅੰਤ ‘ਚ ਚਾਰਲੀਨ ਡੀਨ ਨੇ 15 ਗੇਂਦਾਂ ‘ਚ 16 ਦੌੜਾਂ ਬਣਾ ਕੇ ਟੀਮ ਨੂੰ 126 ਤੱਕ ਪਹੁੰਚਾਇਆ।

ਭਾਰਤੀ ਟੀਮ ਦੀ ਗੇਂਦਬਾਜ਼ੀ ਸ਼ਾਨਦਾਰ ਰਹੀ। ਰੇਣੁਕਾ ਸਿੰਘ ਨੇ 23 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਅਮਨਜੋਤ ਕੌਰ ਵੀ 25 ਦੌੜਾਂ ਦੇ ਕੇ 2 ਵਿਕਟਾਂ ਲੈਣ ਵਿੱਚ ਸਫਲ ਰਹੀ। ਸੈਕਾ ਇਸ਼ਾਕ ਨੇ 22 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦਕਿ ਸ਼੍ਰੇਅੰਕਾ ਪਾਟਿਲ ਨੇ ਵੀ ਜ਼ਬਰਦਸਤ ਵਾਪਸੀ ਨਾਲ 19 ਦੌੜਾਂ ਦੇ ਕੇ 3 ਵਿਕਟਾਂ ਹਾਸਿਲ ਕੀਤੀਆਂ।

Leave a Reply

Your email address will not be published. Required fields are marked *