ਕੇਂਦਰ ਸਰਕਾਰ ਨੂੰ ਭੰਡਣਾ ਬੰਦ ਕਰਨ ਮੁੱਖ ਮੰਤਰੀ ਭਗਵੰਤ ਮਾਨ: ਅਰਵਿੰਦ ਖੰਨਾ

ਚੰਡੀਗੜ੍ਹ, 30  ਨਵੰਬਰ  (   ):  ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ  ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਸਰਕਾਰ ਨੂੰ ਭੰਡਣਾ ਬੇਹੱਦ ਸ਼ਰਮਨਾਕ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ਼੍ਰੀ ਖੰਨਾ ਨੇ ਕਿਹਾ ਕਿ ਕੇਂਦਰ ਸਰਕਾਰ ਹੀ ਹੈ ਜੋ ਪੰਜਾਬ ਨੂੰ ਸਿਹਤ ਅਤੇ ਸਿੱਖਿਆ ਲਈ ਗਰਾਂਟਾਂ ਦੇ ਰਹੀ ਹੈ, ਜੇਕਰ ਉਸ ਨੇ ਇਹ ਫੈਸਲਾ ਵਾਪਿਸ ਲੈ ਲਿਆ ਤਾਂ ਫਿਰ ਸੂਬੇ ਦੀ ਕੀ ਹਾਲਤ ਹੋਵੇਗੀ ਇਸ ਸਬੰਧੀ ਮੁੱਖ ਮੰਤਰੀ ਨੂੰ ਸੋਚਣਾ ਚਾਹੀਦਾ ਹੈ। ਖੰਨਾ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾ ਪੰਜਾਬ ਦੇ ਹਰੇਕ ਵਰਗ ਨੂੰ ਮੁਫਤ ਅਤੇ ਸਸਤੇ ਦੇ ਸਬਜਬਾਗ ਦਿਖਾਏ ਗਏ ਸਨ, ਪਰ ਹੁਣ ਪੰਜਾਬ ਦੇ ਮੌਜੂਦਾ ਹਾਲਾਤਾਂ ਦੌਰਾਨ ਸਿਰਫ ਅਤੇ ਸਿਰਫ ਨਸ਼ਾ ਅਤੇ ਇੰਸਾਨੀ ਜਿੰਦਗੀ ਹੀ ਸਸਤੀ ਹੋਈ ਜਾਪਦੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਾ ਸਿਰਫ਼ ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਦੇ ਰਿਮੋਟ ਨਾਲ ਚੱਲਣ ਵਾਲੇ ਮੁੱਖ ਮੰਤਰੀ ਹਨ ਬਲਕਿ ਕੇਜ਼ਰੀਵਾਲ ਦੀਆਂ ਗਲਤ ਨੀਤੀਆਂ ਨੂੰ ਪੰਜਾਬ ਵਿੱਚ ਲਾਗੂ ਕਰਨ ਦੇ ਵੀ ਗਲਤ ਕਦਮ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਦੋਗਲੀਆਂ ਨੀਤੀਆਂ ਸੂਬੇ ਲਈ ਘਾਤਕ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਇੱਕ ਗੱਲ ਦੇਖਣ ਨੂੰ ਮਿਲੀ ਹੈ ਕਿ ਬੇਸ਼ੱਕ ਸੂਬੇ ਵਿੱਚ ਸਰਕਾਰ ਆਪ ਦੀ ਹੈ ਪਰ ਬੋਲੀ ਕਾਂਗਰਸ ਦੀ ਹੀ ਬੋਲੀ ਜਾ ਰਹੀ ਹੈ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਆਪ ਦਾ ਪਿਛੋਕੜ ਕੀ ਹੈ।

ਉਨ੍ਹਾਂ ਕਿਹਾ ਕਿ ਅੱਜ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਖਤਰੇ ਵਿੱਚ ਆਈ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ਰੇਆਮ ਹੁੰਦੀਆਂ ਲੁੱਟ-ਖੋਹ ਦੀਆਂ ਵਾਰਦਾਤਾਂ, ਸਰੇ^ਬਾਜ਼ਾਰ ਹੁੰਦੇ ਕਤਲ, ਸ਼ਰੇਆਮ ਵਿਕਦੇ ਨਸ਼ੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੀ ਪੰਜਾਬ ਦੀ ਜਵਾਨੀ ਨੇ ਪੰਜਾਬੀਆਂ ਨੂੰ ਖੂਨ ਦੇ ਹੰਝੂ ਰੋਣ ਲਈ ਮਜ਼ਬੂਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਹਿਜ਼ ਬਿਆਨਬਾਜ਼ੀ ਨੂੰ ਪਹਿਲ ਦੇ ਰਹੇ ਹਨ ਜਦਕਿ ਅਸਲੀਅਤ ਵਿੱਚ ਸੂਬੇ ਦੀ ਸਥਿਤੀ ਡਾਵਾਂਡੋਲ ਬਣੀ ਹੋਈ ਹੈ।ਜਿਸ ਪ਼੍ਰਤੀ ਗੰਭੀਰ ਹੋਣ ਦੀ ਜਰੂਰਤ ਹੈ।

Leave a Reply

Your email address will not be published. Required fields are marked *