ਚੰਡੀਗੜ੍ਹ, 5 ਫ਼ਰਵਰੀ: ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਅੱਜ ਨਿਵੇਕਲੀ ਪਹਿਲ ਕਰਦਿਆਂ ਪੰਜਾਬੀ ਭਾਸ਼ਾ ਨੂੰ ਗੂਗਲ ਪਲੇਟਫਾਰਮ ਜੈਮਿਨੀ ਆਈ (Google’s Gemini AI platform) ‘ਤੇ ਸ਼ਾਮਲ ਕਰਾਉਣ ਲਈ ਵੱਖ-ਵੱਖ ਵਿਭਾਗਾਂ ਅਤੇ ਪੰਜਾਬੀ ਬੁੱਧੀਜੀਵੀਆਂ ਨਾਲ ਵਿਚਾਰ ਚਰਚਾ ਕੀਤੀ ਅਤੇ ਪੰਜਾਬੀ ਭਾਸ਼ਾ ਦੇ ਡੈਟਾ ਦੀ ਉਪਲੱਬਧਤਾ ਛੇ ਮਹੀਨਿਆਂ ‘ਚ ਕਰਾਉਣ ਲਈ ਰੋਡ ਮੈਪ ਤਿਆਰ ਕਰਨ ‘ਤੇ ਜ਼ੋਰ ਦਿੱਤਾ।
ਅੱਜ ਇੱਥੇ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਕੀਤੀ ਮੀਟਿੰਗ ਦੌਰਾਨ ਸ. ਸੰਧਵਾਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਗੂਗਲ ਨੇ ਆਪਣੇ ਏ.ਆਈ. (ਆਰਟੀਫ਼ੀਸ਼ੀਅਲ ਇੰਟੈਲੀਜੈਂਸ) ਪਲੇਟਫਾਰਮ ‘ਤੇ ਤਾਜ਼ਾ ਜਾਰੀ ਜੈਮਿਨੀ ਆਈ ਐਪ ‘ਤੇ ਗੁਜਰਾਤੀ, ਮਰਾਠੀ ਆਦਿ ਭਾਸ਼ਾਵਾਂ ਨੂੰ ਤਾਂ ਸ਼ਾਮਲ ਕੀਤਾ ਹੈ ਪਰ ਪੰਜਾਬੀ ਇਸ ਵਿੱਚ ਸ਼ਾਮਲ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਗੂਗਲ ਨੇ ਪੰਜਾਬੀ ਭਾਸ਼ਾ ਨੂੰ ਇਸ ਲਈ ਏ.ਆਈ. ਪਲੇਟਫਾਰਮ ‘ਤੇ ਸ਼ਾਮਲ ਨਹੀਂ ਕੀਤਾ ਕਿਉਂਕਿ ਪੰਜਾਬੀ ਦਾ ਸ਼ਬਦ ਭੰਡਾਰ/ਡੈਟਾ ਉਪਲੱਬਧ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਦਿਵਾਉਣ ਲਈ ਪੰਜਾਬੀ ਦਾ ਡੈਟਾ ਛੇਤੀ ਤਿਆਰ ਕਰਕੇ ਆਨਲਾਈ ਅਪਲੋਡ ਕਰਨਾ ਜ਼ਰੂਰੀ ਬਣ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਛੇ ਮਹੀਨਿਆਂ ‘ਚ ਇਹ ਕਾਰਜ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਪੰਜਾਬੀ ਭਾਸ਼ਾ ਵੀ ਹੋਰਨਾਂ 9 ਭਾਸ਼ਾਵਾਂ ਵਾਂਗ ਗੂਗਲ ਦੇ ਏ.ਆਈ. ਪਲੇਟਫਾਰਮ ‘ਤੇ ਸ਼ਾਮਲ ਹੋ ਸਕੇ।