ਮਾਲੇਰਕੋਟਲਾ, 3 ਫਰਵਰੀ :
ਮਾਲੇਰਕੋਟਲਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ, ਠੰਡੀ ਸੜਕ ਵਿਖੇ ਸਥਿਤ ਯੈਸ ਬੈਂਕ ਦੀ ਸ਼ਾਖਾ ਵਿੱਚ ਲੁੱਟ ਦੀ ਇੱਕ ਕੋਝੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਇਸ ਘਿਨੌਣੀ ਹਰਕਤ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਇਸ ਤਰ੍ਹਾਂ ਕੀਤੀ ਗਈ ਹੈ,ਆਰਿਫ ਖਾਨ ਉਰਫ ਆਰਿਫ ਪੁੱਤਰ ਲਤੀਫ ਖਾਨ, ਜੋ ਕਿ #36 ਰੋਜ਼ ਐਵੇਨਿਊ ਮਾਲੇਰਕੋਟਲਾ ਦਾ ਰਹਿਣ ਵਾਲਾ ਹੈ, ਸਤੀਸ਼ ਕੁਮਾਰ ਪੁੱਤਰ ਮਹੇਸ਼ ਕੁਮਾਰ, ਪਿੰਡ ਖੇੜੀਜ, ਲਖਨਊ ਦਾ ਰਹਿਣ ਵਾਲਾ ਅਤੇ ਲਕਸ਼ਮਣ ਪੁੱਤਰ ਰਾਮਪਾਲ, ਡੱਬਵਾਲੀ ਦੇ ਰਹਿਣ ਵਾਲਾ ਹੈ।
ਮਾਲੇਰਕੋਟਲਾ ਦੇ ਸੀਨੀਅਰ ਪੁਲਿਸ ਕਪਤਾਨ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੁਲਿਸ ਨੂੰ ਯੈੱਸ ਬੈਂਕ ਦੇ ਕੈਸ਼ੀਅਰ ਰਜਤ ਸਿੰਗਲਾ ਤੋਂ ਗੰਭੀਰ ਸੂਚਨਾ ਮਿਲੀ ਸੀ, ਕਿ ਮੁੱਖ ਦੋਸ਼ੀ ਆਰਿਫ ਖਾਨ ਦੀ ਅਗਵਾਈ ਹੇਠ ਤਿੰਨ ਵਿਅਕਤੀਆਂ ਵੱਲੋਂ ਤੋੜ-ਭੰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸੂਚਨਾ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ, ਇੰਸਪੈਕਟਰ ਯਾਦਵਿੰਦਰ ਸਿੰਘ ਅਤੇ ਇੰਸਪੈਕਟਰ ਸਾਹਿਬ ਸਿੰਘ, ਐਸ.ਐਚ.ਓ ਸਿਟੀ 1 ਅਤੇ 2, ਥਾਣਾ ਸਿਟੀ 1 ਅਤੇ 2, ਪੀ.ਸੀ.ਆਰ. ਅਤੇ ਈ.ਆਰ.ਵੀ. ਟੀਮਾਂ ਦੇ ਨਾਲ ਮਿਲ ਕੇ ਇੱਕ ਵਿਸ਼ੇਸ਼ ਟੀਮ ਨੂੰ ਡੀ.ਐਸ.ਪੀ ਮਲੇਰਕੋਟਲਾ ਗੁਰਦੇਵ ਸਿੰਘ ਦੀ ਨਿਗਰਾਨੀ ਹੇਠ, ਡੂੰਘਾਈ ਨਾਲ ਜਾਂਚ ਕਰਨ ਲਈ ਤੇਜ਼ੀ ਨਾਲ ਗਠਿਤ ਕੀਤਾ ਗਿਆ।