ਹਰਿਆਣਾ ਦੇ ਸੱਤ ਜ਼ਿਲ੍ਹਿਆਂ ਚ ਵਧੀ ਇੰਟਰਨੈੱਟ ਪਾਬੰਦੀ

ਅੰਬਾਲਾ: ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਵਿੱਚ ਇੰਟਰਨੈੱਟ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ। ਹਰਿਆਣਾ ਦੇ ਸੱਤ ਜ਼ਿਲ੍ਹਿਆਂ (Seven Districts Of Haryana) ਵਿੱਚ ਇੰਟਰਨੈੱਟ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ। ਹੁਣ 19 ਫਰਵਰੀ ਦੀ ਅੱਧੀ ਰਾਤ 12 ਵਜੇ ਤੱਕ ਇੰਟਰਨੈੱਟ ‘ਤੇ ਪਾਬੰਦੀ ਰਹੇਗੀ। ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਅਤੇ ਸਿਰਸਾ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ।

ਇਸ ਤੋਂ ਪਹਿਲਾਂ 11 ਫਰਵਰੀ ਨੂੰ ਸਵੇਰੇ 6 ਵਜੇ ਤੋਂ 13 ਫਰਵਰੀ ਦੀ ਅੱਧੀ ਰਾਤ 12 ਵਜੇ ਤੱਕ ਮੋਬਾਈਲ ਇੰਟਰਨੈੱਟ ਸੇਵਾਵਾਂ ‘ਤੇ ਪਾਬੰਦੀ ਲਗਾਈ ਗਈ ਸੀ। ਇਸ ਤੋਂ ਇਲਾਵਾ, ਐਸਐਮਐਸ ਅਤੇ ਡੋਂਗਲ ਸੇਵਾਵਾਂ ‘ਤੇ ਵੀ ਪਾਬੰਦੀ ਲਗਾਈ ਗਈ ਸੀ।ਦੱਸਣਯੋਗ ਹੈ ਕਿ ਕਿਸਾਨਾਂ ਦੇ ਦਿੱਲੀ ਮਾਰਚ ਦਾ ਅੱਜ ਛੇਵਾਂ ਦਿਨ ਹੈ। ਦਿੱਲੀ ਮਾਰਚ ਲਈ ਰਵਾਨਾ ਹੋਏ ਕਿਸਾਨ ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ ‘ਤੇ ਡਟੇ ਹੋਏ ਹਨ।

ਕੇਂਦਰ-ਕਿਸਾਨਾਂ ਦੀ ਸ਼ਾਮ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਹੋਵੇਗੀ। ਇਹ ਚੌਥੀ ਵਾਰਤਾਲਾਪ ਹੈ। ਇਸ ਤੋਂ ਪਹਿਲਾਂ 3 ਮੀਟਿੰਗਾਂ ਬੇਸਿੱਟਾ ਰਹੀਆਂ ਸਨ। ਇਸ ਮੀਟਿੰਗ ਵਿੱਚ ਕੋਈ ਫ਼ੈਸਲਾ ਨਾ ਹੋਣ ’ਤੇ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਇਸ ਅੰਦੋਲਨ ਦੌਰਾਨ ਹੁਣ ਤੱਕ ਇੱਕ ਕਿਸਾਨ ਅਤੇ ਸਬ ਇੰਸਪੈਕਟਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਚੁੱਕੀ ਹੈ।

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਸਮਰਥਨ ‘ਚ ਹਰਿਆਣਾ ਦੇ ਕਿਸਾਨ ਵੀ ਆ ਗਏ ਹਨ। ਭਾਰਤੀ ਕਿਸਾਨ ਯੂਨੀਅਨ (ਚੜੂਨੀ ਗਰੁੱਪ) ਨੇ ਦੁਪਹਿਰ ਨੂੰ ਕੁਰੂਕਸ਼ੇਤਰ ਵਿੱਚ ਕਿਸਾਨ-ਖਾਪ ਪੰਚਾਇਤ ਬੁਲਾਈ ਹੈ। ਇੱਥੋਂ ਹੀ ਹਰਿਆਣਾ ਵਿੱਚ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਜਾਵੇਗਾ। ਬੀਤੇ ਦਿਨ ਕਿਸਾਨ ਆਗੂ ਸਰਵਨ ਪੰਧੇਰ ਨੇ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਚਾਹੇ ਤਾਂ ਆਰਡੀਨੈਂਸ ਲਿਆ ਕੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦੇ ਸਕਦੀ ਹੈ।

 

Leave a Reply

Your email address will not be published. Required fields are marked *