ਚੰਡੀਗੜ੍ਹ: ਹਰਿਆਣਾ ਵਿੱਚ 6 ਹਜ਼ਾਰ ਪੁਲਿਸ ਕਾਂਸਟੇਬਲਾਂ (police constables) ਦੀ ਭਰਤੀ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਵਿੱਚ 5 ਹਜ਼ਾਰ ਪੁਰਸ਼ ਅਤੇ 1000 ਮਹਿਲਾ ਕਾਂਸਟੇਬਲਾਂ ਦੀ ਭਰਤੀ ਕੀਤੀ ਜਾਣੀ ਹੈ। ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਇਸ ਨੂੰ ਕੈਬਨਿਟ ਮੀਟਿੰਗ ਤੋਂ ਬਿਨਾਂ ਮਨਜ਼ੂਰੀ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਦਫ਼ਤਰ ਨੇ ਸਾਰੇ ਮੰਤਰੀਆਂ ਨੂੰ ਹੱਥੀਂ ਫਾਈਲ ਭੇਜ ਕੇ ਉਸ ‘ਤੇ ਦਸਤਖ਼ਤ ਵੀ ਲਏ ਹਨ।
ਹਰਿਆਣਾ ‘ਚ ਪੁਲਿਸ ਭਰਤੀ ਨਿਯਮ ਕਾਫੀ ਸਮੇਂ ਤੋਂ ਅਟਕੇ ਹੋਏ ਸਨ, ਜਿਸ ਤੋਂ ਬਾਅਦ ਗ੍ਰਹਿ ਵਿਭਾਗ ਨੇ ਸੋਧੇ ਹੋਏ ਨਿਯਮ ਤਿਆਰ ਕੀਤੇ ਹਨ, ਜਿਨ੍ਹਾਂ ਨੂੰ ਮੁੱਖ ਮੰਤਰੀ ਮਨੋਹਰ ਲਾਲ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ ਇਸ ਫ਼ੈਸਲੇ ਨੂੰ ਐਮਰਜੈਂਸੀ ਦੀ ਸ਼੍ਰੇਣੀ ਵਿੱਚ ਰੱਖਦੇ ਹੋਏ ਸੀ.ਐਮ.ਓ ਵੱਲੋਂ ਮੰਤਰੀਆਂ ਦੇ ਨਾਮ ਇੱਕ ਸਰਕੂਲਰ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਪੁਲਿਸ ਭਰਤੀ ਦੇ ਨਵੇਂ ਨਿਯਮਾਂ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਮੁੱਖ ਮੰਤਰੀ ਮਨੋਹਰ ਲਾਲ ਦੀ ਮਨਜ਼ੂਰੀ ਦੀ ਜਾਣਕਾਰੀ ਦਿੱਤੀ ਗਈ ਸੀ। ਗ੍ਰਹਿ ਵਿਭਾਗ ਜਲਦੀ ਹੀ ਸੋਧੇ ਹੋਏ ਨਿਯਮਾਂ ਦਾ ਨੋਟੀਫਿਕੇਸ਼ਨ ਜਾਰੀ ਕਰੇਗਾ। ਹਰਿਆਣਾ ਪੁਲਿਸ ਵਿਚ ਇਹ ਭਰਤੀਆਂ ਲਗਭਗ 3 ਸਾਲਾਂ ਤੋਂ ਰੁਕੀਆਂ ਹੋਈਆਂ ਹਨ।