Health News: ਸਰਦੀਆਂ ਦੇ ਮੌਸਮ ਵਿਚ ਮਿਲਣ ਵਾਲੀ ਖਜੂਰ ਇਕ ਅਜਿਹਾ ਫਲ ਹੈ, ਜੋ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਇਸ ‘ਚ ਭਰਪੂਰ ਮਾਤਰਾ ‘ਚ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਖਜੂਰ ਦੀ ਸੁੱਕੀ ਅਵਸਥਾ ਨੂੰ ਛੁਹਾਰਾ ਕਿਹਾ ਜਾਂਦਾ ਹੈ। ਖਜੂਰ ‘ਚ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ , ਮੈਗਨੀਜ਼, ਤਾਂਬਾ ਆਦਿ ਪੋਸ਼ਕ ਤੱਤ ਹੁੰਦੇ ਹਨ। ਖਜੂਰ ਵਿਟਾਮਿਨ ‘ਏ’, ‘ਬੀ’, ‘ਸੀ’ ਨਾਲ ਭਰਪੂਰ ਹੁੰਦਾ ਹੈ। ਖਜੂਰ ਦੀ ਤਸੀਰ ਗਰਮ, ਖਾਣ ਵਿਚ ਮਿੱਠੀ, ਖੂਨ ਸਾਫ਼ ਕਰਨ ਵਾਲੀ ਹੁੰਦੀ ਹੈ। ਸਰਦੀਆਂ ਦੇ ਮੌਸਮ ਵਿਚ ਸਵੇਰ-ਸ਼ਾਮ ਤਿੰਨ ਖਜੂਰ ਖਾਣ ਮਗਰੋਂ ਗਰਮ ਪਾਣੀ ਪੀਣ ਨਾਲ ਕਬਜ਼ ਦੂਰ ਹੂੰਦੀ ਹੈ। ਖਜੂਰ ਖਾਣ ਨਾਲ ਸਰੀਰ ਨੂੰ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ…..
1. ਪਾਚਨ ਕਿਰਿਆ ‘ਚ ਸੁਧਾਰ
ਸਰਦੀਆਂ ਵਿਚ ਖਜੂਰ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਖਜੂਰ ‘ਚ ਭਰਪੂਰ ਮਾਤਰਾ ‘ਚ ਫਾਈਬਰ ਹੁੰਦਾ ਹੈ, ਜੋ ਤੁਹਾਡੇ ਪਾਚਨ ਤੰਤਰ ਦੀ ਸਹੀ ਤਰੀਕੇ ਨਾਲ ਸਫ਼ਾਈ ਕਰਨ ਦਾ ਕੰਮ ਕਰਦਾ ਹੈ। ਜੇਕਰ ਤੁਹਾਡਾ ਪਾਚਨ ਠੀਕ ਰਹਿੰਦਾ ਹੈ ਤਾਂ ਕਬਜ਼ ਦੀ ਸਮੱਸਿਆ ਕਦੇ ਨਹੀਂ ਹੋਵੇਗੀ।
2. ਦਿਲ ਨੂੰ ਰੱਖੇ ਸਿਹਤਮੰਦ
ਖਜੂਰ ‘ਚ ਮੌਜੂਦ ਫਾਈਬਰ ਤੁਹਾਡੇ ਦਿਲ ਨੂੰ ਮਜ਼ਬੂਤ ਅਤੇ ਸਿਹਤਮੰਦ ਬਣਾਉਣ ਦਾ ਕੰਮ ਵੀ ਕਰਦਾ ਹੈ। ਖਜੂਰ ‘ਚ ਪੋਟਾਸ਼ੀਅਮ ਵੀ ਹੁੰਦਾ ਹੈ, ਜੋ ਹਾਰਟ ਅਟੈਕ ਦੇ ਖ਼ਤਰੇ ਨੂੰ ਕਾਫ਼ੀ ਹੱਦ ਤਕ ਟਾਲ ਸਕਦਾ ਹੈ। ਖਜੂਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਖਜੂਰ ‘ਚ ਮੌਜੂਦ ਪੋਟਾਸ਼ੀਅਮ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ।
3. ਖੂਨ ਦੀ ਕਮੀ ਦੂਰ ਕਰੇ
ਰੈੱਡ ਬਲੱਡ ਸੈੱਲਸ ਅਤੇ ਆਇਰਨ ਦੀ ਕਮੀ ਕਰਕੇ ਕਈ ਲੋਕਾਂ ਨੂੰ ਅਨੀਮੀਆ ਦੀ ਸ਼ਿਕਾਇਤ ਹੋ ਜਾਂਦੀ ਹੈ। ਅਨੀਮੀਆ ਮਤਲਬ ਸਰੀਰ ‘ਚ ਖੂਨ ਦੀ ਕਮੀ ਦਾ ਹੋਣਾ। ਖਜੂਰ ‘ਚ ਭਰਪੂਰ ਮਾਤਰਾ ‘ਚ ਆਇਰਨ ਮੌਜੂਦ ਹੁੰਦਾ ਹੈ ਜੋ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ।