ਚੰਡੀਗੜ੍ਹ : ਹਰਿਆਣਾ ਵਿੱਚ ਭਾਜਪਾ ਅਤੇ ਜੇ.ਜੇ.ਪੀ ਦੀ ਸਾਂਝੀ ਸਰਕਾਰ ਚੱਲ ਰਹੀ ਹੈ। ਇਨ੍ਹਾਂ ਦੋਵਾਂ ਪਾਰਟੀਆਂ ਵਿਚਾਲੇ ਅਕਸਰ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਸ਼ਬਦੀ ਜੰਗ ਹੁੰਦੀ ਰਹਿੰਦੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ, ਇਸ ਤੋਂ ਪਹਿਲਾਂ ਵੀ ਦੋਵਾਂ ਪਾਰਟੀਆਂ ਦੇ ਆਗੂ ਇਸ ਮੁੱਦੇ ‘ਤੇ ਇੱਕ ਦੂਜੇ ‘ਤੇ ਵਿਅੰਗ ਕੱਸਦੇ ਦੇਖੇ ਗਏ ਹਨ। ਜੇ.ਜੇ.ਪੀ ਨੇਤਾਵਾਂ ਅਤੇ ਵਰਕਰਾਂ ਨੇ ਡਿਪਟੀ ਸੀ.ਐਮ ਦੁਸ਼ਯੰਤ ਨੂੰ ਸੀ.ਐਮ ਬਣਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਹ ਹਰ ਰੋਜ਼ ਇਹ ਦਾਅਵਾ ਕਰਦੇ ਨਜ਼ਰ ਆ ਰਹੇ ਹਨ ਕਿ ਅਗਲਾ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਹੋਵੇਗਾ। ਇਸ ਵਾਰ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਜੇ.ਜੇ.ਪੀ ਜਨਰਲ ਸਕੱਤਰ ਦਿਗਵਿਜੇ ਦੇ ਬਿਆਨ ’ਤੇ ਭਾਜਪਾ ਦੇ ਕੌਮੀ ਸਕੱਤਰ ਤੇ ਹਰਿਆਣਾ ਭਾਜਪਾ ਦੇ ਸਾਬਕਾ ਪ੍ਰਧਾਨ ਓ.ਪੀ ਧਨਖੜ ਨੇ ਜੇ.ਜੇ.ਪੀ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ ਹੈ। ਜੇ.ਜੇ.ਪੀ ਦੇ ਕੌਮੀ ਜਨਰਲ ਸਕੱਤਰ ਦਿਗਵਿਜੇ ਚੌਟਾਲਾ ਨੇ ਮੌਜੂਦਾ ਡਿਪਟੀ ਸੀ.ਐਮ ਦੁਸ਼ਯੰਤ ਚੌਟਾਲਾ ਨੂੰ ਸੀ.ਐਮ ਬਣਾਉਣ ਦਾ ਦਾਅਵਾ ਕੀਤਾ ਹੈ।
ਇਸ ‘ਤੇ ਓ.ਪੀ ਧਨਖੜ ਨੇ ਵਿਅੰਗ ਕਰਦਿਆਂ ਕਿਹਾ ਕਿ ਕੋਈ ਕਿਸੇ ਨੂੰ ਸੁਪਨੇ ਦੇਖਣ ਤੋਂ ਨਹੀਂ ਰੋਕ ਸਕਦਾ, ਇਨ੍ਹਾਂ ਲੋਕਾਂ ਨੇ ਰਾਜਸਥਾਨ ‘ਚ ਆਪਣੀ ਤਾਕਤ ਦਿਖਾਈ ਹੈ। ਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਵੀ ਲਗਾਤਾਰ ਭਾਜਪਾ ਨੂੰ ਜੇ.ਜੇ.ਪੀ ਨਾਲੋਂ ਗਠਜੋੜ ਤੋੜਨ ਲਈ ਕਹਿ ਰਹੇ ਹਨ। ਇਸ ਦੇ ਨਾਲ ਹੀ ਦੋਵਾਂ ਪਾਰਟੀਆਂ ਦੀ ਹਾਈਕਮਾਂਡ ਵਿੱਚ ਗਠਜੋੜ ਨੂੰ ਲੈ ਕੇ ਸਪੱਸ਼ਟਤਾ ਹੁੰਦੀ ਨਜ਼ਰ ਆ ਰਹੀ ਹੈ ਪਰ ਬਾਕੀ ਪਾਰਟੀਆਂ ਦੇ ਆਗੂਆਂ ਵਿੱਚ ਗਠਜੋੜ ਨੂੰ ਲੈ ਕੇ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ।