ਲੁਧਿਆਣਾ : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ (Ludhiana district) ‘ਚ ਰਾਤ ਸਮੇਂ ਡਰਾਈਵਰ ਪੈਟਰੋਲ ਪੰਪਾਂ (petrol pumps) ‘ਤੇ ਆਪਣੇ ਵਾਹਨਾਂ ‘ਚ ਪੈਟਰੋਲ ਭਰ ਕੇ ਬਿਨਾਂ ਪੈਸੇ ਦਿੱਤੇ ਭੱਜ ਜਾਂਦੇ ਹਨ। ਪਿਛਲੇ ਇੱਕ ਮਹੀਨੇ ਦੌਰਾਨ ਸ਼ਹਿਰ ਦੇ ਬਾਹਰਵਾਰ ਸਥਿਤ ਪੈਟਰੋਲ ਪੰਪਾਂ ‘ਤੇ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਇਸੇ ਤਰ੍ਹਾਂ ਰਾਤ ਦੇ ਸਮੇਂ ਹੀ ਪੈਟਰੋਲ ਪੰਪ ‘ਤੇ ਤਾਇਨਾਤ ਮੁਲਾਜ਼ਮਾਂ ਤੋਂ ਨਕਾਬਪੋਸ਼ ਲੁਟੇਰਿਆਂ ਵਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਕੈਸ਼ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਅਜਿਹੇ ‘ਚ ਸਾਵਧਾਨੀ ਦੇ ਤੌਰ ‘ਤੇ ਲੁਧਿਆਣਾ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਵਲੋਂ ਇਕ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਹੈ ਕਿ ਰਾਤ ਦੇ ਸਮੇਂ ਪੈਟਰੋਲ ਪੰਪਾਂ ‘ਤੇ ਆਉਣ ਵਾਲੇ ਵਾਹਨ ਚਾਲਕਾਂ ਤੋਂ ਪਹਿਲਾਂ ਪੈਸੇ ਲਏ ਜਾਣਗੇ ਅਤੇ ਬਾਅਦ ‘ਚ ਗੱਡੀਆਂ ‘ਚ ਤੇਲ ਭਰਿਆ ਜਾਵੇਗਾ। ਇਹ ਫ਼ੈਸਲਾ ਪੂਰੀ ਰਾਤ ਲਾਗੂ ਰਹੇਗਾ ਅਤੇ ਸਵੇਰੇ ਵੇਲੇ ਜਿਵੇਂ ਪਹਿਲਾਂ ਤੋਂ ਹੋ ਰਿਹਾ ਹੈ, ਉਸੇ ਤਰ੍ਹਾਂ ਕੰਮ ਚੱਲੇਗਾ।