ਮਾਲੇਰਕੋਟਲਾ 05 ਜਨਵਰੀ :
ਮੱਛੀ ਪਾਲਣ ਵਿਭਾਗ ਵੱਲੋਂ ਮੱਛੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਪੰਜ ਰੋਜ਼ਾ ਸਿਖਲਾਈ ਕੈਂਪ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਾਲੇਰਕੋਟਲਾ ਵਿਖੇ ਲਗਾਇਆ ਗਿਆ। ਸਫਲਤਾਪੂਰਵਕ ਟਰੇਨਿੰਗ ਹਾਸਲ ਕਰਨ ਵਾਲੇ ਸਿੱਖਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਟਰੇਨਿੰਗ ਸਰਟੀਫਿਕੇਟ ਤਕਸੀਮ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨਾਂ ਨੂੰ ਆਤਮ ਨਿਰਭਰ ਕੀਤਾ ਜਾ ਸਕੇ । ਉਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਮੱਛੀ ਪਾਲਣ ਵਿਭਾਗ ਪਾਸੋਂ ਸਿਖਲਾਈ ਲੈ ਕੇ ਮੱਛੀ ਪਾਲਣ ਦਾ ਕਿੱਤਾ ਅਪਣਾ ਕੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਤਕਨੀਕੀ ਅਤੇ ਵਿੱਤੀ ਸਹੂਲਤਾਂ ਦਾ ਲਾਭ ਲੈਣ ਲਈ ਅਪੀਲ ਕੀਤੀ ।
ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਵਿਭਾਗ ਵੱਲੋਂ ਹਰ ਮਹੀਨੇ ਮੱਛੀ ਪਾਲਣ ਦਾ ਕਿੱਤਾ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਪੰਜ ਦਿਨਾਂ ਦੀ ਟ੍ਰੇਨਿੰਗ ਮੁਫ਼ਤ ਦਿੱਤੀ ਜਾਂਦੀ ਹੈ । ਉਨ੍ਹਾਂ ਦੱਸਿਆਂ ਕਿ ਹੁਣ ਤੱਕ ਸਾਲ 2023-24 ਦੌਰਾਨ 84 ਸਿੱਖਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ । ਉਨ੍ਹਾਂ ਹੋਰ ਦੱਸਿਆ ਕਿ 05 ਫਰਵਰੀ ਤੋਂ 09 ਫਰਵਰੀ ਤੱਕ, 11 ਮਾਰਚ ਤੋਂ 15 ਮਾਰਚ 2024 ਤੱਕ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਾਲੇਰਕੋਟਲਾ ਵਿਖੇ ਵਿਸ਼ੇਸ਼ ਟਰੇਨਿੰਗ ਕੈਪ ਲਗਾਏ ਜਾਣਗੇ । ਪੰਜ ਰੋਜ਼ਾ ਮੁਫ਼ਤ ਟ੍ਰੇਨਿੰਗ ਦੌਰਾਨ ਸਿੱਖਿਆਰਥੀਆਂ ਨੂੰ ਤਕਨੀਕੀ ਜਾਣਕਾਰੀ ਦੇ ਨਾਲ ਨਾਲ ਤਲਾਬ ਲਈ ਜ਼ਮੀਨ ਦੀ ਚੋਣ, ਮੱਛੀ ਤਲਾਬ ਦੀ ਤਿਆਰੀ, ਬਿਜਲੀ ਕੁਨੈਕਸ਼ਨ ਦੀ ਸਿਫ਼ਾਰਸ਼, ਮੰਡੀਕਰਨ, ਮੱਛੀ ਕਾਸ਼ਤਕਾਰ ਦਾ ਮੁਫ਼ਤ ਬੀਮਾ ਅਤੇ ਮਿੱਟੀ ਪਾਣੀ ਦੀ ਪਰਖ ਸਬੰਧੀ ਅਵਗਤ ਕਰਵਾਇਆ ਜਾਵੇਗਾ ।