ਪਠਾਨਕੋਟ : ਪੰਜਾਬ ਸਰਕਾਰ (Punjab government) ਵੱਲੋਂ ਪਹਿਲਾ ਐਨ.ਆਰ.ਆਈ ਮਿਲਣੀ ਪ੍ਰੋਗਰਾਮ (NRI Milni program) ਅੱਜ ਪਿੰਡ ਚਮਰੌੜ ਤੋਂ ਕਰਵਾਇਆ ਗਿਆ ਹੈ। ਇਸ ਪ੍ਰੋਗਰਾਮ ਵਿੱਚ ਬਹੁਤ ਸਾਰੇ ਪ੍ਰਵਾਸੀ ਭਾਰਤੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਵਾਸੀ ਭਾਰਤੀ ਕੁਲਵਿੰਦਰ ਸਿੰਘ ਨੇ ਮਾਨ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿਛਲੇ 16 ਸਾਲਾਂ ਤੋਂ ਫਰਾਂਸ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਧਰਤੀ ‘ਤੇ ਪਰਤ ਆਏ ਹਨ ਕਿਉਂਕਿ ਮਾਨ ਸਾਹਬ ਦੀ ਇੱਕ ਗੱਲ ਸੱਚ ਹੋ ਗਈ ਹੈ ਕਿ ਪੰਜਾਬ ਛੱਡ ਕੇ ਜਾ ਰਹੇ ਲੋਕ ਇੱਕ ਦਿਨ ਪੰਜਾਬ ਦੀ ਧਰਤੀ ‘ਤੇ ਜ਼ਰੂਰ ਆਉਣਗੇ।
ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ‘ਚ ਇਸ ਲਈ ਵਾਪਸ ਆਉਣਾ ਚਾਹੁੰਦੇ ਹਾਂ ਕਿਉਂਕਿ ਸਾਡਾ ਪੰਜਾਬ ਹੈ ਅਤੇ ਅਸੀਂ ਮੁੜ ਪੰਜਾਬ ‘ਚ ਵੱਸਣਾ ਹੈ ਅਤੇ ਪੰਜਾਬ ਦੀ ਗੱਲ ਕਰਨੀ ਹੈ। ਹੁਣ ਸਾਨੂੰ ਬਾਹਰਲੇ ਮੁਲਕ ਚੰਗੇ ਨਹੀਂ ਲੱਗਦੇ ਕਿਉਂਕਿ ਸਾਡੇ ਪੰਜਾਬ ‘ਚ ਹੁਣ ਹਰ ਤਰ੍ਹਾਂ ਦੀ ਸਹੂਲਤ ਹੈ। ਅਸੀਂ ਮਾਨ ਸਾਹਿਬ ਦੀ ਸੋਚ ‘ਤੇ ਪਹਿਰਾ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵੱਡਾ ਭਰਾ ਦਲਵਿੰਦਰਜੀਤ ਸਿੰਘ ਵੀ 28 ਸਾਲ ਤੋਂ ਫਰਾਂਸ ‘ਚ ਹਨ ਅਤੇ ਉਹ ਟਾਂਡਾ ‘ਚ ਯੂਨੀਵਰਸਿਟੀ ਖੋਲ੍ਹਣਾ ਚਾਹੁੰਦੇ ਹਨ। ਦਲਵਿੰਦਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਮਾਨ ਸਾਹਿਬ ਦੇ ਨਾਲ ਹਾਂ ਅਤੇ ਉਨ੍ਹਾਂ ਦਾ ਪੂਰਾ ਸਹਿਯੋਗ ਕਰਾਂਗੇ।