ਸਪੋਰਟਸ ਨਿਊਜ਼ : ਆਈ.ਪੀ.ਐੱਲ ਨਿਲਾਮੀ 2024 ਲਈ ਖਿਡਾਰੀਆਂ ਦੀ ਨਿਲਾਮੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੀਜ਼ਨ ਲਈ ਨਿਲਾਮੀ 19 ਦਸੰਬਰ, 2023 ਨੂੰ ਦੁਬਈ ਦੇ ਕੋਕਾ-ਕੋਲਾ ਅਰੇਨਾ ਵਿਖੇ ਹੋਣ ਵਾਲੀ ਹੈ। ਇਸ ਵਿੱਚ ਕੁੱਲ 333 ਕ੍ਰਿਕਟਰ ਸ਼ਾਮਲ ਹੋਣਗੇ। 333 ‘ਚੋਂ 214 ਭਾਰਤੀ ਅਤੇ 119 ਵਿਦੇਸ਼ੀ ਖਿਡਾਰੀ ਹਨ। 2 ਖਿਡਾਰੀ ਸਹਿਯੋਗੀ ਦੇਸ਼ਾਂ ਦੇ ਹਨ। ਕੁੱਲ ਕੈਪਡ ਖਿਡਾਰੀ 116 ਹਨ, ਅਨਕੈਪਡ ਖਿਡਾਰੀ 215 ਹਨ ਜਦਕਿ 2 ਐਸੋਸੀਏਟ ਦੇਸ਼ਾਂ ਤੋਂ ਹਨ। 10 ਫਰੈਂਚਾਇਜ਼ੀ ਕੋਲ ਸਿਰਫ 77 ਸਲਾਟ ਉਪਲਬਧ ਹਨ, ਜਿਨ੍ਹਾਂ ਵਿੱਚੋਂ 30 ਵਿਦੇਸ਼ੀ ਖਿਡਾਰੀਆਂ ਲਈ ਹਨ। 2 ਕਰੋੜ ਰੁਪਏ ਦੀ ਸਭ ਤੋਂ ਉੱਚੀ ਰਾਖਵੀਂ ਕੀਮਤ ‘ਚ 23 ਖਿਡਾਰੀ ਹਨ। ਇਸ ਤੋਂ ਇਲਾਵਾ 13 ਖਿਡਾਰੀ ਅਜਿਹੇ ਹਨ ਜਿਨ੍ਹਾਂ ਨੇ ਬੇਸ ਪ੍ਰਾਈਸ ਡੇਢ ਕਰੋੜ ਰੁਪਏ ਰੱਖੀ ਹੈ। ਨਿਲਾਮੀ ਦੁਪਹਿਰ 2:30 ਵਜੇ ਸ਼ੁਰੂ ਹੋਵੇਗੀ।
ਸਭ ਤੋਂ ਪਹਿਲਾਂ ਹੈਰੀ ਬਰੂਕ ਤੇ ਲੱਗੇਗੀ ਬੋਲੀ
ਬੋਲੀ ਲਗਾਉਣ ਲਈ ਖਿਡਾਰੀਆਂ ਦੇ ਵੱਖ-ਵੱਖ ਸੈੱਟ ਬਣਾਏ ਗਏ ਹਨ। ਪਹਿਲੇ ਸੈੱਟ ‘ਚ 8 ਖਿਡਾਰੀ ਹਨ। ਇਨ੍ਹਾਂ ‘ਚ ਪਹਿਲੇ ਨੰਬਰ ‘ਤੇ ਇੰਗਲੈਂਡ ਦੇ ਬੱਲੇਬਾਜ਼ ਹੈਰੀ ਬਰੁਕ ਦਾ ਨਾਂ ਹੈ। ਉਸ ਤੋਂ ਬਾਅਦ ਕ੍ਰਿਕਟ ਵਿਸ਼ਵ ਕੱਪ ਫਾਈਨਲ ਦਾ ਹੀਰੋ ਟ੍ਰੈਵਿਸ ਹੈੱਡ ਹੈ। ਇਸ ਤੋਂ ਬਾਅਦ ਕਰੁਣ ਨਾਇਰ, ਮਨੀਸ਼ ਪਾਂਡੇ, ਰੋਵਮੈਨ ਪਾਵੇਲ, ਰਿਲੀ ਰੋਸੋਵ, ਸਟੀਵ ਸਮਿਥ ਦਾ ਨਾਂ ਆਉਂਦਾ ਹੈ।
ਇਨ੍ਹਾਂ ਖਿਡਾਰੀਆਂ ‘ਤੇ ਵੀ ਨਜ਼ਰਾਂ
ਕੁਝ ਅਣਜਾਣ ਖਿਡਾਰੀ ਵੀ ਫਰੈਂਚਾਇਜ਼ੀ ਦਾ ਧਿਆਨ ਆਪਣੇ ਵੱਲ ਖਿੱਚਣ ਵਿਚ ਸਫਲ ਹੋ ਸਕਦੇ ਹਨ। ਇਨ੍ਹਾਂ ਵਿੱਚ ਇੰਗਲੈਂਡ ਦਾ ਟਾਮ ਕੋਹਲਰ ਕੈਡਮੋਰ ਵੀ ਸ਼ਾਮਲ ਹੈ ਜਿਸ ਦੀ ਬੇਸ ਪ੍ਰਾਈਸ 40 ਲੱਖ ਰੁਪਏ ਹੈ। ਇਹ ਵਿਕਟਕੀਪਰ ਬੱਲੇਬਾਜ਼ ਆਪਣੀ ਹਮਲਾਵਰ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਹੈ। ਸ਼੍ਰੀਲੰਕਾ ਦੇ ਵਨਿੰਦੂ ਹਸਾਰੰਗਾ ਦੀ ਬੇਸ ਪ੍ਰਾਈਸ ਡੇਢ ਕਰੋੜ ਰੁਪਏ ਹੈ। ਉਸ ਤੋਂ ਇਲਾਵਾ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ ਨੂੰ ਵੀ ਚੰਗੀ ਕੀਮਤ ਮਿਲ ਸਕਦੀ ਹੈ। ਜ਼ਿਆਦਾਤਰ ਆਈ.ਪੀ.ਐਲ ਵਿੱਚ ਖੇਡਣ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਸ਼ਿਵਮ ਮਾਵੀ, ਕਾਰਤਿਕ ਤਿਆਗੀ ਅਤੇ ਕਮਲੇਸ਼ ਨਾਗਰਕੋਟੀ ਨੂੰ 20 ਤੋਂ 30 ਲੱਖ ਰੁਪਏ ਦੀ ਬੇਸ ਪ੍ਰਾਈਸ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।