ਪਤੰਗ ਲੁੱਟਦੇ ਸਮੇਂ 12 ਸਾਲਾ ਨੌਜਵਾਨ ਨਾਲ ਵਾਪਰਿਆਂ ਵੱਡਾ ਹਾਦਸਾ

ਤਰਸਿੱਕਾ :  ਪਿੰਡ ਸਿਆਲਕਾ (village Sialka) ‘ਚ ਇਕ ਕਬੀਰ ਪੰਥੀ ਪਰਿਵਾਰ ਦਾ ਜੋੜਾ ਦੋਵੇਂ ਲੱਤਾਂ ਤੋਂ ਦਿਵਿਆਂਗ ਹੋ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਕਰ ਰਿਹਾ ਸੀ ਪਰ ਉਨ੍ਹਾਂ ‘ਤੇ ਉਸ ਸਮੇਂ ਦੁੱਖ ਦਾ ਪਹਾੜ ਡਿੱਗ ਪਿਆ ਜਦੋਂ ਇਕ 12 ਸਾਲਾ ਲੜਕੇ ਦੀ ਪਤੰਗ ਲੁੱਟਦੇ ਸਮੇਂ ਛੱਪੜ ‘ਚ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਟਿਊਸ਼ਨ ਤੋਂ ਬਾਅਦ ਘਰ ਪਰਤ ਰਹੇ ਦਿਲਜਾਨ ਭਗਤ ਨੇ ਰਸਤੇ ‘ਚ ਇਕ ਪਤੰਗ ਨੂੰ ਉਡਦੇ ਦੇਖਿਆ ਤਾਂ ਬੱਚਾ ਪਤੰਗ ਦੇ ਪਿੱਛੇ ਭੱਜਾ ਅਤੇ ਛੱਪੜ ਵਿਚ ਜਾ ਵੜਿਆ, ਛੱਪੜ ਦੀ ਸਫਾਈ ਨਾ ਹੋਣ ਕਰ ਕੇ, ਜਿਸ ਵਿਚ ਗਾਰ ਵਧੇਰੇ ਸੀ, ਵਿਚ ਡੁੱਬ ਗਿਆ।

ਜ਼ਿਕਰਯੋਗ ਹੈ ਕਿ ਬੱਚੇ ਨੂੰ ਛੱਪੜ ਵਿਚ ਵੜਦਿਆਂ ਕਿਸੇ ਨੇ ਨਹੀਂ ਦੇਖਿਆ ਸੀ, ਜਦੋਂ ਸ਼ਾਮ ਤੱਕ ਬੱਚਾ ਘਰ ਨਹੀਂ ਪਹੁੰਚਿਆ, ਜਿਸ ਦੀ ਖ਼ਬਰ ਪਿੰਡ ਵਿਚ ਅੱਗ ਵਾਂਗ ਫੈਲ ਗਈ ਅਤੇ ਪਿੰਡ ਵਾਸੀਆਂ ਵੱਲੋਂ ਬੱਚੇ ਦੀ ਕਾਫ਼ੀ ਭਾਲ ਕੀਤੀ ਗਈ ਅਤੇ ਲਾਗਲੇ ਕਈ ਪਿੰਡਾਂ ਵਿਚ ਅਨਾਊਂਸਮੈਂਟ ਕਰਵਾਈਆਂ ਗਈਆਂ ਅਤੇ ਦੇਰ ਰਾਤ ਤੱਕ ਲੋਕ ਬੱਚੇ ਦੀ ਭਾਲ ਕਰਦੇ ਰਹੇ ਪਰ ਬੱਚੇ ਦਾ ਕਿਤੇ ਵੀ ਪਤਾ ਨਹੀਂ ਲੱਗ ਸਕਿਆ, ਜਦੋਂ ਅੱਜ ਸਵੇਰੇ ਕਿਸੇ ਵਿਅਕਤੀ ਨੂੰ ਬੱਚੇ ਦੇ ਮੋਢਿਆਂ ਉੱਪਰ ਪਈ ਸਕੂਲ ਕਿੱਟ ਦਿਖਾਈ ਦਿੱਤੀ, ਜਿਸ ਨੂੰ ਪਿੰਡ ਦੇ ਨੌਜਵਾਨਾਂ ਦੀ ਮਦਦ ਨਾਲ ਛੱਪੜ ਵਿਚ ਪੌੜੀਆਂ ਸੁੱਟ ਕੇ ਮ੍ਰਿਤਕ ਬੱਚੇ ਨੂੰ ਬਾਹਰ ਕੱਢ ਲਿਆ ਗਿਆ ਜਿਸ ਨਾਲ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਜਦੋਂ ਛੱਪੜ ਦੀ ਸਫਾਈ ਨਾ ਹੋਣ ਦੀ ਸੂਰਤ ਵਿਚ ਪਿੰਡ ਦੇ ਸਰਪੰਚ ਸੁਖਜਿੰਦਰ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਪਿੰਡ ਨੂੰ ਛੱਪੜਾਂ ਦੀ ਸਫਾਈ ਵਾਸਤੇ ਗ੍ਰਾਂਟ ਜਾਰੀ ਕਰ ਦਿੰਦਾ ਤਾਂ ਪਿੰਡ ਵਿਚ ਇਸ ਪਰਿਵਾਰ ਨਾਲ ਇਹ ਭਾਣਾ ਨਾ ਵਾਪਰ ਦਾ।

Leave a Reply

Your email address will not be published. Required fields are marked *