ਹਾਰਟ ਅਟੈਕ ਤੋਂ ਪੀੜਤ ਮਰੀਜ਼ਾਂ ਲਈ ਜ਼ਿਲਾ ਹਸਪਤਾਲ ਵਿਚ ਸ਼ੁਰੂ ਹੋਇਆ ਸਟੈਮੀ ਪਾਇਲਟ ਪ੍ਰੋਜੈਕਟ: ਡਾ. ਜਗਜੀਤ ਸਿੰਘ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨਿਭਾਉਂਦੇ ਹੋਏ ਜ਼ਿਲਾ ਹਸਪਤਾਲ ‘ਚ ਹਾਰਟ ਅਟੈਕ ਤੋਂ ਪੀੜਤ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਸਟੈਮੀ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਜਿਲ੍ਹਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਗਜੀਤ ਸਿੰਘ ਨੇ ਦੱਸਿਆ ਕਿ ਦੇਸ਼ ’ਚ ਲਗਭਗ 30 ਲੱਖ ਮਰੀਜ਼ ਹਰ ਸਾਲ ਹਾਰਟ ਅਟੈਕ ਤੋਂ ਪੀੜਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ-ਕੱਲ ਦੀ ਖਾਣ-ਪੀਣ ਅਤੇ ਬਹੁਤ ਜ਼ਿਆਦਾ ਮਾਨਸਿਕ ਤਣਾਅ ਕਾਰਨ ਬਹੁਤ ਸਾਰੇ ਲੋਕਾਂ ਨੂੰ ਨਾੜੀਆਂ ਦੇ ਬਲਾਕ ਹੋਣ ਕਾਰਨ ਹਾਰਟ ਅਟੈਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਜਿਲ੍ਹਾ ਹਸਪਤਾਲ ‘ਚ ਸਟੈਮੀ ਪ੍ਰੋਜੈਕਟ ਸੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਪੌਸ਼ਟਿਕ ਖੁਰਾਕ ਸਮੇਤ ਰੌਜ਼ਾਨਾ ਕਸਰਤ ਲਾਜ਼ਮੀ ਕਰਨੀ ਚਾਹੀਦੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਦੀ ਛਾਤੀ ਵਿਚ ਦਰਦ ਹੁੰਦਾ ਹੈ ਤਾਂ ਇਸ ਨੂੰ ਅਣਗੌਲਿਆ ਨਾ ਕੀਤਾ ਜਾਵੇ ਅਤੇ ਜਾਂਚ ਲਈ ਨੇੜਲੀ ਸਿਹਤ ਸੰਸਥਾ ਵਿੱਚ ਆਪਣਾ ਚੈੱਕਅਪ ਕਰਵਾਇਆ ਜਾਵੇ।