ਮਾਲੇਰਕੋਟਲਾ 11 ਜਨਵਰੀ :
ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਉਨਾਂ ਦੇ ਘਰਾਂ ਵਿੱਚ ਸੇਵਾਵਾਂ ਮੁਹੱਈਆ ਕਰਵਾਉਣ ਲਈ “ਸਰਕਾਰ-ਤੁਹਾਡੇ ਦੁਆਰ’ਤਹਿਤ ਸ਼ੁਰੂ ਕੀਤੀ ਗਈ ਹੈਲਪਲਾਈਨ ਨੰਬਰ 1076 ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਜਿਸ ’ਤੇ ਕਾਲ ਕਰਕੇ 43 ਪ੍ਰਕਾਰ ਦੀਆਂ ਸਰਕਾਰੀ ਸੇਵਾਵਾਂ ਵਿੱਚੋਂ 134 ਲੋਕਾਂ ਨੇ 165 ਸੇਵਾਵਾਂ ਲੈਣ ਲਈ ਪੂਰਵ-ਮੁਲਾਕਾਤ ਦਾ ਸਮਾਂ ਤੈਅ ਕੀਤਾ।
10 ਦਸੰਬਰ ਤੋਂ ਸ਼ੁਰੂ ਕੀਤੀ ਗਈ 1076 ਹੈਲਪਲਾਈਨ ਨੰਬਰ ’ਤੇ ਆਪਣੀ ਸਹੂਲਤ ਅਨੁਸਾਰ ਸਮਾਂ ਨਿਰਧਾਰਿਤ ਕਰਕੇ 134 ਮੁਲਾਕਾਤਾਂ ਨਿਸ਼ਚਿਤ ਕੀਤੀਆਂ ਗਈਆਂ ਸਨ ਜਿਸ ਵਿੱਚ 75 ਪ੍ਰਤੀਸ਼ਤ ,ਕਰੀਬ 125 ਸੇਵਾਵਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਬਾਕੀ ਰਹਿੰਦੇ ਬਿਨੈਕਾਰਾਂ ਦੇ ਬਿਨੈਪੱਤਰ ਕਾਰਵਾਈ ਅਧੀਨ ਹਨ ਅਤੇ ਨਿਰਧਾਰਿਤ ਸਮੇਂ ਅੰਦਰ ਸੇਵਾਵਾਂ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਜ਼ਿਲ੍ਹੇ ’ਚ ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ ਸਕੀਮ ਤਹਿਤ 43 ਤਰ੍ਹਾਂ ਦੀਆਂ ਸੇਵਾਵਾਂ ਡੋਰ ਸਟੈੱਪ ਡਲਿਵਰੀ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨਾਲ ਸਰਕਾਰ ਤੋਂ ਨਾਗਰਿਕ ਤੱਕ ਸੇਵਾਵਾਂ (ਗਵਰਮੈਂਟ-ਟੂ-ਸਿਟੀਜ਼ਨ) ਨਿਰਵਿਘਨ ਮੁਹੱਈਆ ਕਰਵਾਈਆ ਜਾ ਰਹੀਆਂ ਹਨ । ਉਨ੍ਹਾਂ ਸਬੰਧਤ ਨੁਮਾਇੰਦਿਆ ਨੂੰ ਹਦਾਇਤ ਕੀਤੀ ਕਿ ਹੈਲਪਲਾਈਨ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਸੇਵਾਵਾਂ ਭਾਵੇਂ ਸ਼ਲਾਘਾ ਯੋਗ ਹਨ ਪਰ ਇਸ ਟੀਚੇ ਨੂੰ 100 ਫੀਸਦੀ ਹਾਸਿਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੈਲਪਲਾਈਨ ਰਾਹੀਂ ਸੇਵਾਵਾਂ ਹਾਸਿਲ ਕਰਨ ਵਾਲੇ ਬਿਨੈਕਾਰ ਦੀ ਸੰਤੁਸ਼ਟੀ ,ਮਿਲਣ ਦਾ ਸਮਾਂ ਨਿਰਧਾਰਿਤ ਕਰਨ ਅਤੇ ਸੇਵਾ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਨੂੰ ਹੋਰ ਮਜਬੂਤ ਬਣਾਇਆ ਜਾਵੇ ।