ਪਠਾਨਕੋਟ : ਪੰਜਾਬ ਸਰਕਾਰ ਵੱਲੋਂ ਪਹਿਲਾ ਐਨ.ਆਰ.ਆਈ ਮਿਲਣੀ ਪ੍ਰੋਗਰਾਮ ਅੱਜ ਇੱਥੋਂ ਦੇ ਪਿੰਡ ਚਮਰੌੜ (ਮਿੰਨੀ ਗੋਆ) ਵਿਖੇ ਕਰਵਾਇਆ ਗਿਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਅਤੇ ਪ੍ਰੋਗਰਾਮ ਵਿੱਚ ਕਈ ਪ੍ਰਵਾਸੀ ਭਾਰਤੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਸੀ.ਐਮ ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਵੱਡੀਆਂ ਬੁਲੰਦੀਆਂ ਹਾਸਲ ਕੀਤੀਆਂ ਹਨ। ਦੁਨੀਆ ਦਾ ਕੋਈ ਦੇਸ਼ ਅਜਿਹਾ ਨਹੀਂ ਜਿੱਥੇ ਪੰਜਾਬੀਆਂ ਨੇ ਆਪਣੇ ਝੰਡੇ ਨਾ ਬੁਲੰਦ ਕੀਤੇ ਹੋਣ।
ਪੰਜਾਬੀ ਦੁਨੀਆਂ ਭਰ ਵਿੱਚ ਵਸੇ ਹੋਏ ਹਨ। ਅਜਿਹਾ ਕੋਈ ਦੇਸ਼ ਨਹੀਂ ਜਿੱਥੇ ਪੰਜਾਬੀਆਂ ਨੇ ਮੈਨੂੰ ਬੁਲਾ ਕੇ ਪਿਆਰ ਨਾ ਦਿੱਤਾ ਹੋਵੇ, ਪਰ ਹੁਣ ਦਿੱਤੇ ਗਏ ਪਿਆਰ ਦਾ ਭੁਗਤਾਨ ਕਿਸੇ ਮੁਦਰਾ ਵਿੱਚ ਨਹੀਂ ਕੀਤਾ ਜਾ ਸਕਦਾ। ਜਨਤਾ ਵੱਲੋਂ ਮੇਰੇ ਹੱਕ ਵਿੱਚ ਦਿੱਤਾ ਗਿਆ ਫਤਵਾ ਜਨਤਾ ਦੇ ਪਿਆਰ ਦਾ ਕਰਜ਼ ਨਹੀਂ ਚੁਕਾ ਸਕਦਾ। ਸੀ.ਐਮ ਮਾਨ ਨੇ ਕਿਹਾ ਕਿ ਭਾਵੇਂ ਮੈਂ ਹਰ ਸਾਹ ਨਾਲ ਤੁਹਾਡਾ ਧੰਨਵਾਦ ਕਰਾਂ ਪਰ ਪੰਜਾਬੀਆਂ ਦਾ ਕਰਜ਼ਾ ਉਤਾਰਨ ਲਈ ਕਈ ਉਮਰਾਂ ਲੱਗ ਜਾਣਗੀਆਂ।
ਐੱਨ. ਆਰ. ਆਈਜ਼. ਘਰ ਪਰਤਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਆਪਣੀ ਜ਼ਮੀਨ ਲਈ ਕੁਝ ਕਰਕੇ ਦਿਖਾਇਆ ਜਾਵੇ। ਪੰਜਾਬ ਸਰਕਾਰ ਇਮਾਨਦਾਰ ਸਰਕਾਰ ਹੈ, ਜੇ ਐੱਨ. ਆਰ. ਆਈਜ਼ ਵੀਰ ਪੰਜਾਬ ਵਿਚ ਕੋਈ ਕਾਰੋਬਾਰ ਖੋਲ੍ਹਦੇ ਹਨ ਤਾਂ ਪੰਜਾਬ ਸਰਕਾਰ ਵੱਧ ਚੜ੍ਹ ਕੇ ਉਨ੍ਹਾਂ ਦੀ ਮਦਦ ਕਰੇਗੀ। ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਰਿਹਾ ਹੈ।