ਬੰਬੀਹਾ ਗੈਂਗ ਵਿੱਚ ਨਵਾਂ ਮੁੱਖੀਆ ਤਿਆਰ, ਕੈਨੇਡਾ ਵਿੱਚ ਬੈਠੇ ਖੂੰਖਾਰ ਗੈਂਗਸਟਰ ਨੇ ਸਾਂਭੀ ਕਮਾਨ

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕੱਟੜ ਦੁਸ਼ਮਣ ਬੰਬੀਹਾ ਗੈਂਗ ਦੇ ਨਵੇਂ ਮੁਖੀ ਦੀ ਤਾਜਪੋਸ਼ੀ ਹੋ ਗਈ ਹੈ। ਇਹ ਮੁਖੀ ਦਰਜਨਾਂ ਖ਼ਤਰਨਾਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗੈਂਗਸਟਰ ਨੀਰਜ ਫਰੀਦਪੁਰੀਆ ਹੈ। ਹਰਿਆਣਾ ਦੇ ਫ਼ਰੀਦਾਬਾਦ ਜ਼ਿਲ੍ਹੇ ਦਾ ਰਹਿਣ ਵਾਲਾ ਫ਼ਰੀਦਪੁਰੀਆ ਪੁਲਿਸ ਦੀ ਵਾਂਟੇਡ ਸੂਚੀ ਵਿੱਚ ਸ਼ਾਮਲ ਹੈ। ਫਿਲਹਾਲ ਉਹ ਕੈਨੇਡਾ ਵਿੱਚ ਬੈਠਕੇ ਬੰਬੀਹਾ ਗਰੁੱਪ ਨੂੰ ਚਲਾ ਰਿਹਾ ਹੈ। ਪੁਲਿਸ ਸੂਤਰਾਂ ਦੇ ਮੁਤਾਬਕ, ਪਿਛਲੇ ਕੁਝ ਮਹੀਨਿਆਂ ਵਿੱਚ ਦਿੱਲੀ-ਐਨਸੀਆਰ ਤੇ ਹਰਿਆਣਾ ਵਿੱਚ ਹੋਈਆਂ ਵੱਡੀਆਂ ਵਾਰਦਾਤਾਂ ਵਿੱਚ ਇਸ ਦਾ ਨਾਂਅ ਸਾਹਮਣੇ ਆਇਆ ਹੈ।

ਇਸ ਸਾਲ ਪਹਿਲਾਂ ਉਸ ਦੇ ਟਿਕਾਣਿਆਂ ਉੱਤੇ NIA ਦੀ ਟੀਮ ਨੇ ਵੀ ਰੇਡ ਕੀਤੀ ਸੀ। ਨੀਰਜ ਫਰੀਦਪੁਰੀਆ ਕਈ ਮਾਮਲਿਆਂ ਵਿੱਚ ਜਦੋਂ ਜੇਲ੍ਹ ਵਿੱਚ ਬੰਦ ਹੋਇਆ ਤਾਂ ਉਸ ਦੀ ਮੁਲਾਕਾਤ ਬੰਬੀਹਾ ਸਿੰਡੀਕੇਟ ਦੇ ਮੈਂਬਰ ਕੌਸ਼ਲ ਚੌਧਰੀ ਤੇ ਉਸ ਦੇ ਗੁਰਗੇ ਅਮਿਤ ਡਾਗਰ ਨਾਲ ਹੋਈ। ਇੱਥੋਂ ਹੀ ਉਹ ਬੰਬੀਹਾ ਗੈਂਗ ਦੇ ਨੇੜੇ ਆ ਗਿਆ। 

ਦੱਸ ਦਈਏ ਕਿ ਨੀਰਜ ਉੱਤੇ ਕਤਲ, ਕਤਲ ਦੀ ਕੋਸ਼ਿਸ਼, ਜ਼ਬਰਨ ਵਸੂਲੀ, ਨਜਾਇਜ਼ ਕਬਜ਼ਿਆਂ ਸਮੇਤ ਦਰਜਨਾਂ ਮਾਮਲੇ ਦਰਜ ਹਨ। ਉਸ ਉੱਤੇ 25 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਹੈ। ਹਾਲਾਂਕਿ ਉਹ ਕਤਲ ਦੇ ਮਾਮਲੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਦੁਬਈ ਦੇ ਰਾਹ ਕੈਨੇਡਾ ਭੱਜ ਗਿਆ।

ਬੰਬੀਹਾ ਤੇ ਲਾਰੈਂਸ ਗੈਂਗ ਦੀ ਦੁਸ਼ਮਣੀ ਜੱਗ ਜ਼ਾਹਰ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਹ ਹੋਰ ਜ਼ਿਆਦਾ ਡੂੰਘੀ ਹੋ ਗਈ। ਲਾਰੈਂਸ ਦੇ ਦਿੱਲੀ-ਹਰਿਆਣਾ ਤੇ ਐਨਸੀਆਰ ਵਿੱਚ ਵਧਦੇ ਦਬਦਬੇ ਨੂੰ ਰੋਣਕ ਲਈ ਨੀਰਜ ਫਰੀਦਪੁਰੀਆ ਦੀ ਐਂਟਰੀ ਹੋਈ ਹੈ। ਪੁਲਿਸ ਸੂਤਰਾਂ ਮੁਤਾਬਕ, ਨੀਰਜ ਨਵੇਂ ਮੁੰਡਿਆਂ ਨੂੰ ਇਸ ਜੁਰਮ ਦੀ ਦੁਨੀਆ ਵਿੱਚ ਲੈ ਕੇ ਆ ਰਿਹਾ ਹੈ। ਪਹਿਲਾਂ ਬੰਬੀਹਾ ਗੈਂਗ ਦਾ ਪੂਰਾ ਕੰਮ ਅਰਮੀਨੀਆ ਵਿੱਚ ਬੈਠਾ ਲੱਕੀ ਪਟਿਆਲ ਦੇਖ ਰਿਹਾ ਸੀ।

ਪੁਲਿਸ ਮੁਤਾਬਕ, ਨੀਰਜ ਫ਼ਰੀਦਪੁਰੀਆ ਪਿਛਲੇ 9 ਸਾਲਾਂ ਤੋਂ ਅਪਰਾਧਿਕ ਮਾਮਲਿਆਂ ਵਿੱਚ ਜੁੜਿਆ ਹੋਇਆ ਹੈ। ਉਸ ਦੇ ਖ਼ਿਲਾਫ਼ 25 ਦੇ ਕਰੀਬ ਮਾਮਲੇ ਦਰਜ ਹਨ ਜਿਸ ਵਿੱਚ 4 ਕਤਲ ਤੇ 17 ਕਤਲ ਦੀ ਕੋਸ਼ਿਸ਼, ਲੁੱਟਖੋਹ, ਕਬਜ਼ੇ, ਨਜਾਇਜ਼ ਹਥਿਆਰ ਆਦਿ ਸਮੇਤ ਖ਼ਤਰਨਾਕ ਅਪਰਾਧਾਂ ਦੇ ਹਨ। ਨੀਰਜ ਨੇ ਜ਼ਮਾਨਤ ਉੱਤੇ ਰਿਹਾਅ ਹੋਣ ਤੋਂ ਬਾਅਦ ਹਰਿਆਣਾ ਦੇ ਪਲਵਲ ਵਿੱਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਸ ਉੱਤੇ 25000 ਦਾ ਇਨਾਮ ਰੱਖਿਆ ਗਿਆ ਸੀ।

ਜ਼ਿਕਰ ਕਰ ਦਈਏ ਕਿ ਗ੍ਰੇਟਰ ਫ਼ਰੀਦਾਬਾਦ ਦੇ ਪਿੰਡ ਫ਼ਰੀਦਪੁਰ ਦਾ ਰਹਿਣਾ ਵਾਲੇ ਨੀਰਜ ਨੇ 2013-14 ਵਿੱਚ ਜੁਰਮ ਦੀ ਦੁਨੀਆ ਵਿੱਚ ਪੈਰ ਰੱਖਿਆ ਸੀ। ਪਹਿਲਾਂ ਉਸਨੇ ਫਰੀਦਾਬਾਦ ਤੇ ਪਲਵਲ ਜ਼ਿਲ੍ਹੇ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ ਸੀ ਇਸ ਤੋਂ ਬਾਅਦ ਉਹ ਕਈ ਵਾਰ ਜੇਲ੍ਹ ਵੀ ਗਿਆ। 2015 ਵਿੱਚ ਨੀਰਜ ਨੂੰ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜੇਲ੍ਹ ਵਿੱਚ ਰਹਿੰਦਿਆਂ ਹੀ ਉਸ ਦੀ ਯਾਰੀ ਗੈਂਗਸਟਰ ਕੌਸ਼ਲ ਚੌਧਰੀ ਤੇ ਅਮਿਤ ਡਾਗਰ ਨਾਲ ਹੋਈ। ਕੌਸ਼ਲ ਚੌਧਰੀ ਬੰਬੀਹਾ ਗੈਂਗ ਦਾ ਪੁਰਾਣਾ ਰਾਜ਼ਦਾਰ ਹੈ।

Leave a Reply

Your email address will not be published. Required fields are marked *