ਨੰਗਲ/ਰੋਪੜ, 27 ਦਸੰਬਰ:(ਰਾਜਕੁਮਾਰ ਸ਼ਰਮਾ )ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਕੀਤੇ ਇੱਕ ਟਵੀਟ ਵਿੱਚ ਨੈਸ਼ਨਲ ਹਾਈਵੇਅ 503 ਐਕਸਟੈਨਸ਼ਨ ਨੂੰ ਹਿਮਾਚਲ ਪ੍ਰਦੇਸ਼ ਦੇ ਊਨਾ ਤੋਂ ਨੰਗਲ ਕਸਬੇ ਨਾਲ ਜੋੜਨ ਵਾਲੇ ਫਲਾਈਓਵਰ ਦੇ ਟੁਟਣ ਦੇ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਇਹ ਫਲਾਈਓਵਰ ਕਰੀਬ 3 ਮਹੀਨੇ ਪਹਿਲਾਂ ਹੀ ਲੋਕਾਂ ਲਈ ਖੋਲ੍ਹਿਆ ਗਿਆ ਸੀ, ਜੋ ਅਜੌਲੀ ਮੋੜ ਨੇੜੇ ਟੁੱਟ ਗਿਆ ਹੈ।
ਕੇਂਦਰੀ ਮੰਤਰੀ ਗਡਕਰੀ ਨੂੰ ਇੱਕ ਟਵੀਟ ਵਿੱਚ ਐਮ.ਪੀ ਤਿਵਾੜੀ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਊਨਾ ਨੂੰ ਪੰਜਾਬ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇਅ 503 ਐਕਸਟੈਂਸ਼ਨ ‘ਤੇ ਨੰਗਲ ਸ਼ਹਿਰ ਵਿੱਚੋਂ ਲੰਘਦਾ ਇਹ ਫਲਾਈਓਵਰ ਹੁਣ ਅਜੌਲੀ ਮੋੜ ਨੇੜੇ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਉਦਘਾਟਨ ਕਰੀਬ 90 ਦਿਨ ਪਹਿਲਾਂ ਹੀ ਹੋਇਆ ਸੀ। ਜਦੋਂਕਿ ਉਨ੍ਹਾਂ ਨੇ ਇਸ ਫਲਾਈਓਵਰ ਨੂੰ ਆਵਾਜਾਈ ਲਈ ਖੋਲ੍ਹਣ ਤੋਂ ਪਹਿਲਾਂ ਇਸਦਾ ਸੇਫਟੀ ਆਡਿਟ ਕਰਵਾਉਣ ਦੀ ਮੰਗ ਕੀਤੀ ਸੀ। ਸੰਸਦ ਮੈਂਬਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਫਲਾਈਓਵਰ ਉਸੇ ਕੰਪਨੀ ਦੁਆਰਾ ਬਣਾਇਆ ਗਿਆ ਸੀ, ਜਿਸ ਵੱਲੋਂ ਬਣਾਇਆ ਪੁੱਲ ਬਿਹਾਰ ਵਿੱਚ ਡਿੱਗਿਆ ਸੀ।
ਸੰਸਦ ਮੈਂਬਰ ਤਿਵਾੜੀ ਨੇ ਗਡਕਰੀ ਨੂੰ ਕਿਹਾ ਕਿ ਭਾਵੇਂ ਤੁਹਾਡੇ ਵਲੋ ਬੰਗਾ-ਸ੍ਰੀ ਆਨੰਦਪੁਰ ਸਾਹਿਬ-ਨੈਣਾ ਦੇਵੀ ਸੜਕ ਦੇ ਕਰੀਬ 5 ਸਾਲ ਪਹਿਲਾਂ ਉਦਘਾਟਨ ਦੇ ਮਾਮਲੇ ਵਿਚ ਅਜੇ ਤੱਕ ਕੁਝ ਨਹੀਂ ਕੀਤਾ ਗਿਆ। ਪਰ ਉਹ ਤੁਹਾਨੂੰ ਕੋਈ ਵੀ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਉਕਤ ਫਲਾਈਓਵਰ ਦੇ ਨਿਰਮਾਣ ਵਿਚਲੀਆਂ ਕਮੀਆਂ ਦੀ ਜਲਦੀ ਤੋਂ ਜਲਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਅਪੀਲ ਕਰਦੇ ਹਨ।
ਇਸਦੇ ਨਾਲ ਹੀ ਉਨ੍ਹਾਂ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੂੰ ਵੀ ਇਸ ਮਾਮਲੇ ਨੂੰ ਆਪਣੇ ਪੱਧਰ ‘ਤੇ ਉਠਾਉਣ ਲਈ ਕਿਹਾ ਹੈ, ਕਿਉਂਕਿ ਇਹ ਫਲਾਈਓਵਰ ਉਨ੍ਹਾਂ ਦੇ ਸੰਸਦੀ ਹਲਕੇ ਨਾਲ ਵੀ ਜੁੜਦਾ ਹੈ।