ਚੰਡੀਗੜ੍ਹ, 24 ਜਨਵਰੀ: ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਦੂਰਅੰਦੇਸ਼ ਸੋਚ ਤਹਿਤ ਸੂਬੇ ਵਿੱਚ ਪੰਜਾਬ ਪੁਲਿਸ ਦੇ ਕੰਮ-ਕਾਜ ਨੂੰ ਹੋਰ ਆਧੁਨਿਕ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀਆਂ ਨਵੀਨਤਮ ਤਕਨੀਕਾਂ ਨਾਲ ਲੈਸ ਕਰਨ ਦੇ ਮੱਦੇਨਜ਼ਰ ਪਹਿਲੀ ਪੁਲਾਂਘ ਪੁੱਟਦਿਆਂ, ਪੰਜਾਬ ਪੁਲਿਸ ਨੇ ਅਪਣੀ ਕਿਸਮ ਦੀ ਪਲੇਠੀ ਅਤੇ ਨਵੇਕਲੀ ਇਨ-ਹਾਊਸ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਮਸ਼ੀਨ ਲਰਨਿੰਗ (ਐਮ.ਐਲ.) ਲੈਬ ਸਥਾਪਤ ਕਰਨ ਲਈ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਰੋਪੜ ਨਾਲ ਐਮ.ਓ.ਯੂ ਸਹੀਬੱਧ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦਿੱਤੀ।
ਇਹ ਐਮ.ਓ.ਯੂ. ਏ.ਡੀ.ਜੀ.ਪੀ. ਟੈਕਨੀਕਲ ਸਰਵਿਸਿਜ਼, ਪੰਜਾਬ ਰਾਮ ਸਿੰਘ ਅਤੇ ਆਈ.ਆਈ.ਟੀ. ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਆਹੂਜਾ ਨੇ ਡੀ.ਜੀ.ਪੀ., ਪੰਜਾਬ ਗੌਰਵ ਯਾਦਵ ਦੀ ਮੌਜੂਦਗੀ ਵਿੱਚ ਸਹੀਬੱਧ ਕੀਤਾ। ਇਸ ਦੌਰਾਨ ਐਸ.ਪੀ. ਟੈਕਨੀਕਲ ਸਰਵਿਸਿਜ਼ ਪੰਜਾਬ, ਸੰਦੀਪ ਕੌਰ ਸੰਧੂ ਅਤੇ ਆਈ.ਆਈ.ਟੀ. ਰੋਪੜ ਦੇ ਸਹਾਇਕ ਪ੍ਰੋਫੈਸਰ ਡਾ. ਸੰਤੋਸ਼ ਕੁਮਾਰ ਵਿਪਾਰਥੀ ਵੀ ਮੌਜੂਦ ਸਨ।