ਚੰਡੀਗੜ੍ਹ, 23 ਜਨਵਰੀ: ਪੰਜਾਬ ਦੇ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਨੇ ਅੱਜ ਸੂਬੇ ਵਿੱਚ ਖੇਤੀਬਾੜੀ ਤਕਨੀਕਾਂ ਨੂੰ ਹੋਰ ਵਿਕਸਿਤ ਕਰਨ ਸਬੰਧੀ ਆਪਸੀ ਸਹਿਯੋਗ ਦੇ ਮੌਕੇ ਤਲਾਸ਼ਣ ਲਈ ਇਜ਼ਰਾਈਲ ਦੇ ਉੱਚ-ਪੱਧਰੀ ਵਫ਼ਦ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਬਾਗ਼ਬਾਨੀ ਪ੍ਰਾਜੈਕਟਾਂ ‘ਚ ਮੌਜੂਦਾ ਭਾਈਵਾਲੀ ਦੇ ਆਧਾਰ ‘ਤੇ ਖੇਤੀ ਵਿੱਚ ਡਿਜੀਟਲ ਕ੍ਰਾਂਤੀ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਪੰਜਾਬ ਵਿੱਚ ਇਜ਼ਰਾਈਲੀ ਭਾਈਵਾਲੀ ਨਾਲ ਬਾਗ਼ਬਾਨੀ ਖੇਤਰ ਵਿੱਚ ਪਹਿਲਾਂ ਵੀ ਕਈ ਪ੍ਰਾਜੈਕਟ ਚਲਾਏ ਜਾ ਰਹੇ ਹਨ।
ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਮੀਟਿੰਗ ਦੌਰਾਨ ਇਜ਼ਰਾਈਲੀ ਸਫ਼ਾਰਤਖ਼ਾਨੇ ਦੇ ਨਵੀਂ ਦਿੱਲੀ ਵਿਖੇ ਗ੍ਰਹਿ ਮਾਮਲਿਆਂ ਬਾਰੇ ਸਿਆਸੀ ਸਲਾਹਕਾਰ ਮੈਡਮ ਹਦਾਸ ਬਖ਼ਸਤ ਨਾਲ ਮੁਲਾਕਾਤ ਦੌਰਾਨ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਬੜੀ ਤੇਜ਼ ਰਫ਼ਤਾਰ ਨਾਲ ਘਟ ਰਿਹਾ ਹੈ ਜਿਸ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਇਜ਼ਰਾਈਲ ਤੋਂ ਘੱਟ ਪਾਣੀ ਨਾਲ ਵੱਧ ਝਾੜ ਦੇਣ ਵਾਲੀਆਂ ਅਤੇ ਬੀਮਾਰੀ ਤੇ ਵਾਇਰਸ ਰਹਿਤ ਬਾਗ਼ਬਾਨੀ ਦੀਆਂ ਕਿਸਮਾਂ ਉਪਲਬਧ ਕਰਵਾਉਣ ਲਈ ਕਿਹਾ। ਕੈਬਨਿਟ ਮੰਤਰੀ ਨੇ ਸੂਬੇ ਵਿੱਚ ਕਿੰਨੂ ਦੀ ਬੰਪਰ ਫ਼ਸਲ ਹੋਣ ‘ਤੇ ਕਿੰਨੂ ਦੀ ਸਾਰੀ ਉਪਜ ਦੀ ਮਾਰਕਟਿੰਗ ਯਕੀਨੀ ਬਣਾਉਣ ਲਈ ਖੇਤ ਤੋਂ ਮੰਡੀ ਤੱਕ ਦੇ ਤਕਨਾਲੌਜੀ ਮੁਹੱਈਆ ਕਰਵਾਉਣ ਲਈ ਵੀ ਕਿਹਾ।