ਚੰਡੀਗੜ੍ਹ : ਪੰਜਾਬ ਸਰਕਾਰ (Punjab Government) ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ (‘Chief Minister Pilgrimage Scheme’) ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਰੇਲਵੇ ਨੇ ਤੀਰਥ ਯਾਤਰਾ ਯੋਜਨਾ ਲਈ ਰੇਲ ਗੱਡੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਫਰਵਰੀ ਤੱਕ ਰੇਲ ਗੱਡੀਆਂ ਨਾ ਚੱਲਣ ਬਾਰੇ ਸਿਰਫ਼ ਜ਼ੁਬਾਨੀ ਹੀ ਜਾਣਕਾਰੀ ਮਿਲੀ ਹੈ, ਇਸ ਦੇ ਲਿਖਤੀ ਹੁਕਮ ਆਉਣੇ ਬਾਕੀ ਹਨ।
ਰੇਲਵੇ ਵਿਭਾਗ ਨੇ ਇਹ ਕਹਿ ਕੇ ਇਨਕਾਰ ਕਰਨ ਦਾ ਕਾਰਨ ਦੱਸਿਆ ਕਿ ਉਨ੍ਹਾਂ ਕੋਲ ਜਨਰੇਟਰਾਂ ਦੀ ਕਮੀ ਹੈ। ਇਸ ਕਾਰਨ ਏ.ਸੀ ਰੇਲ ਗੱਡੀਆਂ ਉਪਲਬਧ ਨਹੀਂ ਕਰਵਾਈਆਂ ਜਾ ਸਕਦੀਆਂ। ਵਰਨਣਯੋਗ ਹੈ ਕਿ ਪੰਜਾਬ ਸਰਕਾਰ ਨੇ ਵੱਖ-ਵੱਖ ਗੁਰੂਧਾਮਾਂ ਦੇ ਦਰਸ਼ਨਾਂ ਲਈ ਰੇਲਵੇ ਨੂੰ 1 ਕਰੋੜ ਰੁਪਏ ਤੋਂ ਵੱਧ ਦਾ ਐਡਵਾਂਸ ਦਿੱਤਾ ਹੈ। ਫਿਲਹਾਲ ਪੰਜਾਬ ਸਰਕਾਰ ਦੇ ਲਿਖਤੀ ਹੁਕਮਾਂ ਦੀ ਉਡੀਕ ਹੈ।
ਇਸ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਸਿਰਫ਼ ਇੱਕ ਰੇਲ ਗੱਡੀ ਚਲਾਈ ਗਈ ਹੈ, ਜਿਸ ਦਾ 1 ਹਜ਼ਾਰ ਦੇ ਕਰੀਬ ਸ਼ਰਧਾਲੂਆਂ ਨੇ ਲਾਭ ਉਠਾਇਆ ਹੈ। ਇਹ ਯਾਤਰਾ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਤੱਕ ਦੀ ਸੀ ਅਤੇ ਹਫ਼ਤੇ ਭਰ ਚੱਲਣ ਵਾਲੇ ਇਸ ਟੂਰ ਵਿੱਚ ਯਾਤਰੀਆਂ ਦੀ ਰਿਹਾਇਸ਼, ਖਾਣ-ਪੀਣ ਅਤੇ ਸੈਰ-ਸਪਾਟੇ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਸੀ।
ਦੱਸ ਦਈਏ ਕਿ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਖੀਣਾ-ਪੀਣਾ, ਯਾਤਰਾ ਖਰਚ, ਜਿਸ ਵਿੱਚ ਏ.ਸੀ ਟਰੇਨ ਅਤੇ ਰਿਹਾਇਸ਼ ਸਮੇਤ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਕਈ ਰੇਲ ਗੱਡੀਆਂ ਅਤੇ ਬੱਸਾਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਹਜ਼ੂਰ ਸਾਹਿਬ, ਸ੍ਰੀ ਪਟਨਾ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਮਾਤਾ ਨੈਣਾ ਦੇਵੀ ਜੀ, ਸ੍ਰੀ ਵਰਿੰਦਾਵਨ ਧਾਮ, ਮਾਤਾ ਵੈਸ਼ਨੋ ਦੇਵੀ ਜੀ, ਮਾਤਾ ਚਿੰਤਪੁਰਨੀ ਜੀ, ਮਾਤਾ ਜਵਾਲਾ ਜੀ, ਵਾਰਾਣਸੀ, ਸ਼੍ਰੀ ਖਾਟੂ ਸ਼ਿਆਮ ਜੀ, ਸ਼੍ਰੀ ਸਾਲਾਸਰ ਧਾਮ ਅਤੇ ਖਵਾਜਾ ਅਜਮੇਰ ਸ਼ਰੀਫ ਦਰਗਾਹ ਦੇ ਮੁਫਤ ਦਰਸ਼ਨ ਕਰਵਾਏ ਜਾਣਗੇ।