ਪਸ਼ੂਆਂ ਦੇ ਲੰਪੀ ਸਕਿਨ ਤੋਂ ਬਚਾਅ ਲਈ ਸ਼ੁਰੂ ਕੀਤੀ ਜਾਵੇਗੀ ਟੀਕਾਕਰਨ ਮੁਹਿੰਮ

ਚੰਡੀਗੜ੍ਹ, 7 ਫਰਵਰੀ: ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Gurmeet Singh Khudian) ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਸ਼ੂਆਂ ਦੇ ਲੰਪੀ ਸਕਿਨ (Lumpy Skin Disease) ਤੋਂ ਅਗਾਊਂ ਬਚਾਅ ਲਈ 25 ਲੱਖ ਤੋਂ ਵੱਧ ਗਊ-ਵੰਸ਼ ਨੂੰ ਟੀਕਾ ਲਗਾਉਣ ਲਈ ਵਿਆਪਕ ਮੁਹਿੰਮ 25 ਫ਼ਰਵਰੀ ਤੋਂ ਸ਼ੁਰੂ ਕੀਤੀ ਜਾਵੇਗੀ।

ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਇੱਥੇ ਪੰਜਾਬ ਭਵਨ ਵਿਖੇ ਵਧੀਕ ਮੁੱਖ ਸਕੱਤਰ ਪਸ਼ੂ ਪਾਲਣ ਸ੍ਰੀ ਵਿਕਾਸ ਪ੍ਰਤਾਪ ਨਾਲ ਵੱਖ-ਵੱਖ ਵਿਭਾਗੀ ਪ੍ਰਾਜੈਕਟਾਂ ਅਤੇ ਕੰਮਕਾਜ ਦੀ ਸਮੀਖਿਆ ਸਬੰਧੀ ਮੀਟਿੰਗ ਦੌਰਾਨ ਦੱਸਿਆ ਕਿ ਇਸ ਬਿਮਾਰੀ ਦੇ ਕਿਸੇ ਵੀ ਸੰਭਾਵਤ ਫੈਲਾਅ ਦੀ ਰੋਕਥਾਮ ਲਈ ਹੁਣ ਤੀਜੀ ਵਾਰ ਗੋਟ ਪੌਕਸ ਵੈਕਸੀਨ ਨੂੰ ਬੂਸਟਰ ਡੋਜ਼ ਵਜੋਂ ਲਗਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਸਾਲ ਦੇਸ਼ ਭਰ ਵਿੱਚ ਬਿਮਾਰੀ ਦੇ ਫੈਲਾਅ ਤੋਂ ਬਾਅਦ ਸੂਬੇ ਵਿੱਚ ਇਸ ਬੀਮਾਰੀ ਦੀ ਰੋਕਥਾਮ ਲਈ ਪਸ਼ੂਆਂ ਲਈ ਟੀਕਾਕਰਨ ਮੁਹਿੰਮ ਚਲਾਈ ਗਈ ਸੀ। ਉਨ੍ਹਾਂ ਅਧਿਕਾਰੀਆਂ ਨੂੰ ਟੀਕਾਕਰਨ ਲਈ ਦਵਾਈ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਕੋਲਡ ਚੇਨ ਕਾਇਮ ਰੱਖਣ ਲਈ ਵੀ ਕਿਹਾ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਇੱਕ ਫੁਲਪਰੂਫ ਵਿਧੀ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਮਹੀਨੇ ਦੇ ਅੰਦਰ ਅੰਦਰ ਵਿਆਪਕ ਟੀਕਾਕਰਨ ਕਾਰਜ ਯੋਜਨਾ ਤਿਆਰ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਵਿਭਾਗ ਦੇ ਫੀਲਡ ਸਟਾਫ਼ ਨੂੰ ਵੀ ਹਦਾਇਤ ਕੀਤੀ ਕਿ ਉਹ ਪਸ਼ੂ ਪਾਲਕਾਂ ਨੂੰ ਵੱਖ-ਵੱਖ ਟੀਕਾਕਰਨ ਮੁਹਿੰਮਾਂ ਦੇ ਲਾਭਾਂ ਬਾਰੇ ਜਾਗਰੂਕ ਕਰਨ ਅਤੇ ਇਸ ਕਾਰਜ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਚਾਇਤਾਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਜੋ ਪਸ਼ੂਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

Leave a Reply

Your email address will not be published. Required fields are marked *