ਚੰਡੀਗੜ੍ਹ, 7 ਫਰਵਰੀ: ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ (Aman Arora) ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰਾਂ (Multi Skill Development Centres) (ਐਮ.ਐਸ.ਡੀ.ਸੀਜ਼.) ਦੀ ਸੁਚੱਜੀ ਵਰਤੋਂ ਕਰਕੇ ਇਹਨਾਂ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇ ਤਾਂ ਜੋ ਨੌਜਵਾਨਾਂ ਦੇ ਹੁਨਰ ਨੂੰ ਤਰਾਸ਼ ਕੇ ਉਨ੍ਹਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇ ਜਾ ਸਕਣ।
ਇੱਥੇ ਪੰਜਾਬ ਭਵਨ ਵਿਖੇ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੇ ਸੈਕਟਰ ਸਕਿੱਲ ਕੌਂਸਲਾਂ, ਟਰੇਨਿੰਗ ਪਾਰਟਨਰਜ਼, ਇੰਡਸਟਰੀ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਅਤੇ ਸਬੰਧਤ ਸੂਬਿਆਂ ਦੇ ਵਿਭਾਗਾਂ ਦੇ ਅਧਿਕਾਰੀਆਂ ਤੋਂ ਸੁਝਾਅ ਲਏ ਤਾਂ ਜੋ ਇਨ੍ਹਾਂ ਕੇਂਦਰਾਂ ਦੇ ਸਰਬੋਤਮ ਪ੍ਰਦਰਸ਼ਨ ਨੂੰ ਯਕੀਨੀ ਬਣਾਇਆ ਜਾ ਸਕੇ।
ਬਠਿੰਡਾ, ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਹੁਸ਼ਿਆਰਪੁਰ ਵਿੱਚ ਸਥਿਤ ਪੰਜ ਐਮ.ਐਸ.ਡੀ.ਸੀਜ਼. ਦੀ ਸਰਬੋਤਮ ਵਰਤੋਂ ਨੂੰ ਯਕੀਨੀ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਐਮ.ਐਸ.ਡੀ.ਸੀਜ਼. ਵਿੱਚ ਉਦਯੋਗ ਦੀਆਂ ਲੋੜਾਂ ਅਨੁਸਾਰ ਕੋਰਸ ਚਲਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸੂਬੇ ਵਿੱਚ ਤਿੰਨ ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ 198 ਰੂਰਲ ਸਕਿੱਲ ਸੈਂਟਰ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਨਅਤੀ ਲੋੜਾਂ ਅਤੇ ਹੁਨਰਮੰਦ ਵਰਕਫੋਰਸ ਦਰਮਿਆਨ ਪਾੜੇ ਨੂੰ ਪੂਰਾ ਕਰਨ ‘ਤੇ ਧਿਆਨ ਦੇਣ ਲਈ ਵੀ ਕਿਹਾ।