ਨਾਮ ਵੱਡੇ ਤੇ ਦਰਸਨ ਛੋਟੇ, ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਸਿਹਤ ਢਾਂਚੇ ਦੀ ਅਸਲੀਅਤ : ਜੈਵੀਰ ਸ਼ੇਰਗਿੱਲ

ਚੰਡੀਗੜ੍ਹ, 12 ਦਸੰਬਰ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਸੂਬੇ ਭਰ ਦੇ 664 ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 80 ਲੱਖ ਤੋਂ ਵੱਧ ਮਰੀਜਾਂ ਦੇ ਲਾਭ ਲੈਣ ਦਾ ਦਾਅਵਾ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੈ।  ਮੁੱਖ ਮੰਤਰੀ ਭਗਵੰਤ ਮਾਨ ਨੂੰ ਸਰਕਾਰੀ ਕੰਮਕਾਜ ਵਿੱਚ ਹੋਰ ਪਾਰਦਰਸ਼ੀ ਅਤੇ ਉਦੇਸ਼ਮੁਖੀ ਹੋਣ ਦੀ ਸਲਾਹ ਦਿੰਦਿਆਂ, ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਹੈ ਕਿ ਮਾਨ ਆਪਣੇ ਫੇਲ੍ਹ ਹੋਏ ਆਮ ਆਦਮੀ ਕਲੀਨਿਕ ਮਾਡਲ ਨੂੰ ਜਾਇਜ਼ ਠਹਿਰਾਉਣ ਲਈ ਸਿਰਫ਼ ਵਧਾ ਚੜ੍ਹਾ ਕੇ ਅੰਕੜੇ ਪੇਸ਼ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

ਇੱਥੇ ਜਾਰੀ ਇੱਕ ਬਿਆਨ ਵਿੱਚ ਆਪਣੇ ਦਾਅਵਿਆਂ ਦੀ ਪੁਸ਼ਟੀ ਕਰਦਿਆਂ, ਸ਼ੇਰਗਿੱਲ ਨੇ ਕਿਹਾ ਹੈ ਕਿ ਆਮ ਆਦਮੀ ਦੇ ਕਈ ਕਲੀਨਿਕਾਂ ਵਿੱਚ ਜਾਅਲੀ ਓ.ਪੀ.ਡੀ ਰਜਿਸਟ੍ਰੇਸ਼ਨਾਂ ਕੀਤੀਆਂ ਜਾ ਰਹੀਆਂ ਸਨ, ਜਿਸਦਾ ਹਾਲ ਹੀ ਵਿੱਚ ਮੀਡੀਆ ਵੱਲੋਂ ਪਰਦਾਫਾਸ਼ ਕੀਤਾ ਗਿਆ ਸੀ ਅਤੇ ਇੱਥੋਂ ਤੱਕ ਕਿ ਇਸ ਸਬੰਧੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਂਚ ਕਰਵਾਈ ਸੀ।  ਉਨ੍ਹਾਂ ਕਿਹਾ ਹੈ ਕਿ ਜਾਂਚ ਦੇ ਨਤੀਜਿਆਂ ਵਿੱਚ ਪਟਿਆਲਾ ਦੇ ਸੱਤ ਆਮ ਆਦਮੀ ਕਲੀਨਿਕਾਂ ਵਿੱਚ ਕਈ ਖਾਮੀਆਂ ਪਾਈਆਂ ਗਈਆਂ ਸਨ, ਪਰ ਉਨ੍ਹਾਂ ਸਾਰਿਆਂ ਨੂੰ ਸਿਰਫ਼ ਚੇਤਾਵਨੀਆਂ ਦੇ ਕੇ ਛੱਡ ਦਿੱਤਾ ਗਿਆ।

ਉਨ੍ਹਾਂ ਖੁਲਾਸਾ ਕੀਤਾ ਕਿ ਮੀਡੀਆ ਦੀਆਂ ਖਬਰਾਂ ਅਨੁਸਾਰ ਅਧਿਕਾਰੀਆਂ ਨੇ ਇਨ੍ਹਾਂ ਆਮ ਆਦਮੀ ਕਲੀਨਿਕਾਂ ਨੂੰ ਹਦਾਇਤ ਕੀਤੀ ਸੀ ਕਿ ਜੋ ਮਰੀਜ਼ ਆਪਣੀਆਂ ਲੈਬ ਰਿਪੋਰਟਾਂ ਲੈਣ ਆਏ ਸਨ, ਉਨ੍ਹਾਂ ਨੂੰ ਨਵੇਂ ਮਰੀਜ਼ਾਂ ਵਜੋਂ ਰਜਿਸਟਰ ਨਾ ਕੀਤਾ ਜਾਵੇ।  ਇਸ ਤੋਂ ਇਲਾਵਾ, ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਮਰੀਜ਼ਾਂ ਦੀ ਐਂਟਰੀ ਔਨਲਾਈਨ ਹੋਣੀ ਚਾਹੀਦੀ ਹੈ ਨਾ ਕਿ ਔਫਲਾਈਨ।  ਪਰ ਜ਼ਮੀਨੀ ਰਿਪੋਰਟਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਆਮ ਆਦਮੀ ਕਲੀਨਿਕਾਂ ਵਿੱਚ ਬਹੁਤ ਸਾਰੇ ਅਜਿਹੇ ਹਨ ਜਿੱਥੇ ਫਾਲੋ-ਅੱਪ ਮਰੀਜ਼ਾਂ ਨੂੰ ਅਜੇ ਵੀ ਨਵੇਂ ਮਰੀਜ਼ਾਂ ਵਜੋਂ ਰਜਿਸਟਰ ਕੀਤਾ ਜਾ ਰਿਹਾ ਹੈ, ਤਾਂ ਜ਼ੋ ਆਮ ਆਦਮੀ ਕਲੀਨਿਕਾਂ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ ਵਿੱਚ ਭਾਰੀ ਵਾਧਾ ਦਿਖਾਇਆ ਜਾ ਸਕੇ। ਇਸ ਲਈ ਜ਼ਰੂਰੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ।

ਸ਼ੇਰਗਿੱਲ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਪੰਜਾਬ ਦੀ ਮੌਜੂਦਾ ਆਪ ਸਰਕਾਰ ਵੱਲੋਂ ਹਰ ਮੁੱਦੇ ‘ਤੇ ਝੂਠੇ ਦਾਅਵੇ ਕਰਕੇ ਜਨਤਾ ਨੂੰ ਗੁੰਮਰਾਹ ਕਰਨ ਦੇ ਮੱਦੇਨਜ਼ਰ ਉਹ ਪੁਰਜ਼ੋਰ ਮੰਗ ਕਰਦੇ ਹਨ ਕਿ ਸੂਬੇ ਦੇ ਸਾਰੇ 664 ਆਮ ਆਦਮੀ ਕਲੀਨਿਕਾਂ ‘ਤੇ ਆਉਣ ਵਾਲੇ ਮਰੀਜ਼ਾਂ ਦੀ ਅਸਲ ਗਿਣਤੀ ਦਾ ਪਤਾ ਲਗਾਉਣ ਵਾਸਤੇ ਜਾਂਚ ਦੇ ਹੁਕਮ ਦਿੱਤੇ ਜਾਣ, ਤਾਂ ਜੋ ਪੰਜਾਬ ਦੇ ਲੋਕਾਂ ਸਾਹਮਣੇ ਸੱਚਾਈ ਆ ਸਕੇ।  ਉਨ੍ਹਾਂ ਭਗਵੰਤ ਮਾਨ ਤੋਂ ਇਸ ਸਬੰਧੀ ਤੁਰੰਤ ਜਾਂਚ ਦੇ ਹੁਕਮ ਦੇਣ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *