ਵੋਟਰ ਵਜੋਂ ਨਾਮ ਦਰਜ ਕਰਵਾਉਣ ਤੋਂ ਇਲਾਵਾ ਵੋਟਿੰਗ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਲੋਕਾਂ ਨੂੰ ਜਾਗਰੂਕ ਕਰੇਗੀ ਐਲ ਈ ਡੀ ਵੈਨ
ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਅਤੇ ਇਲੈਕਟੋਰਲ ਭਾਗੀਦਾਰੀ ਪ੍ਰੋਗਰਾਮ (ਸਵੀਪ) ਤਹਿਤ ਜਾਗਰੂਕਤਾ ਗਤੀਵਿਧੀਆਂ ਨੂੰ ਜਾਰੀ ਰੱਖਦਿਆਂ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਸ਼੍ਰੀਮਤੀ ਆਸ਼ਿਕਾ ਜੈਨ ਨੇ ਵੋਟਰ ਵਜੋਂ ਨਾਮ ਦਰਜ ਕਰਵਾਉਣ ਦੇ ਨਾਲ-ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਇੱਕ ਐਲ ਈ ਡੀ ਜਾਗਰੂਕਤਾ ਵੈਨ ਦੀ ਸ਼ੁਰੂਆਤ ਕੀਤੀ।
ਜਾਣਕਾਰੀ ਦਿੰਦਿਆਂ ਸ਼੍ਰੀਮਤੀ ਜੈਨ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦੇ ਸ਼ਡਿਊਲ ਅਨੁਸਾਰ, ਨਵੇਂ ਵੋਟਰ 27 ਅਕਤੂਬਰ ਤੋਂ 9 ਦਸੰਬਰ, 2023 ਤੱਕ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਇਸ ਮੰਤਵ ਲਈ ਉਹ ਨਾਗਰਿਕ ਜਿਨ੍ਹਾਂ ਦੀ ਉਮਰ 01 ਜਨਵਰੀ, 2024 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ, ਵੋਟਰ ਬਣਨ ਦੇ ਯੋਗ ਹਨ। ਕੋਈ ਵੀ ਵਿਅਕਤੀ ਨੈਸ਼ਨਲ ਵੋਟਰ ਸਰਵਿਸ ਪੋਰਟਲ ‘ਤੇ ਔਨਲਾਈਨ ਜਾਂ ਮੋਬਾਈਲ ਐਪ ਵੋਟਰ ਹੈਲਪਲਾਈਨ ਨੂੰ ਡਾਊਨਲੋਡ ਕਰਕੇ ਲੌਗਇਨ ਕਰ ਸਕਦਾ ਹੈ ਅਤੇ ਨਿਰਧਾਰਤ ਮਿਤੀ ਤੋਂ ਪਹਿਲਾਂ ਆਪਣੇ ਆਪ ਨੂੰ ਵੋਟਰ ਵਜੋਂ ਆਸਾਨੀ ਨਾਲ ਰਜਿਸਟਰ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਐਲ.ਈ.ਡੀ. ਵੈਨ ਭਾਰਤ ਦੇ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਵੋਟਰ ਬਣਨ ਅਤੇ ਚੋਣਾਂ ਦੌਰਾਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੰਦੇਸ਼ ਦੇਣ ਦੇ ਉਦੇਸ਼ ਨਾਲ ਚਲਾਈ ਗਈ ਹੈ। ਇਹ ਵੈਨ ਜ਼ਿਲ੍ਹੇ ਵਿੱਚ ਪੈਂਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਜਿਵੇਂ ਕਿ ਖਰੜ-52, ਐਸ.ਏ.ਐਸ. ਨਗਰ-53 ਅਤੇ ਡੇਰਾਬੱਸੀ-112 ਨੂੰ ਦੋ ਦਿਨਾਂ ਲਈ ਕਵਰ ਕਰੇਗੀ।
ਉਨ੍ਹਾਂ ਕਿਹਾ ਕਿ ਆਈ ਈ ਸੀ (ਪ੍ਰਚਾਰ) ਸਮੱਗਰੀ ਅਤੇ ਜਾਗਰੂਕਤਾ ਫਿਲਮਾਂ ਦਿਖਾਉਣ ਤੋਂ ਇਲਾਵਾ, ਵੈਨ ਵਿੱਚ ਈ ਵੀ ਐਮ ਦੇ ਕੰਮਕਾਜ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਮਸ਼ੀਨ ਰਾਹੀਂ ਆਪਣੀ ਵੋਟ ਕਿਵੇਂ ਪਾਉਣੀ ਹੈ, ਲਈ ਇੱਕ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਵੀ ਹੈ। ਇਸ ਮੌਕੇ ਏ ਡੀ ਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਸਹਾਇਕ ਕਮਿਸ਼ਨਰ (ਜ) ਹਰਜੋਤ ਕੌਰ ਮਾਵੀ ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਅਤੇ ਜ਼ਿਲ੍ਹਾ ਚੋਣ ਦਫ਼ਤਰ ਦਾ ਸਮੁੱਚਾ ਅਮਲਾ ਹਾਜ਼ਰ ਸੀ।