ਚੰਡੀਗੜ੍ਹ: ਚੰਡੀਗੜ੍ਹ ਮੇਅਰ ਦੀ ਚੋਣ (Chandigarh Mayor election) ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਮੇਅਰ ਚੋਣਾਂ ਨੂੰ ਲੈ ਕੇ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ। ਸੁਪਰੀਮ ਕੋਰਟ ‘ਚ ਸੁਣਵਾਈ ਦੌਰਾਨ ‘ਆਪ’ ਵੱਲੋਂ ਇੱਕ ਨਵਾਂ ਵੀਡੀਓ ਪੇਸ਼ ਕੀਤਾ ਗਿਆ ਹੈ। ਇਸ ‘ਚ ਚੋਣ ਅਧਿਕਾਰੀ ਅਨਿਲ ਮਸੀਹ ਬੈਲਟ ਪੇਪਰ ‘ਤੇ ਟਿੱਕ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਅਨਿਲ ਮਸੀਹ ਬੈਲਟ ਪੇਪਰ ‘ਤੇ ਟਿੱਕ ਕਰਦੇ ਹਨ ਅਤੇ ਬਾਅਦ ‘ਚ ਸੀਸੀਟੀਵੀ ਕੈਮਰੇ ਵੱਲ ਦੇਖਦੇ ਹਨ।
ਆਮ ਆਦਮੀ ਪਾਰਟੀ (Aam Aadmi Party) ਪੰਜਾਬ ਵੱਲੋਂ ਟਵੀਟ ਕੀਤੇ ਗਏ 25 ਸੈਕਿੰਡ ਦੇ ਵੀਡੀਓ ਵਿੱਚ ਮਸੀਹ ਨੂੰ ਸੀਸੀਟੀਵੀ ਕੈਮਰੇ ਵੱਲ ਦੇਖਦੇ ਹੋਏ ਅਤੇ ਬੈਲਟ ਪੇਪਰਾਂ ‘ਤੇ ਨਿਸ਼ਾਨ ਲਗਾ ਕੇ ਉਨ੍ਹਾਂ ਨੂੰ ਖੁੱਲ੍ਹੇ ਬਕਸੇ ਵਿੱਚ ਪਾਉਂਦੇ ਦੇਖਿਆ ਜਾ ਸਕਦਾ ਹੈ। ਪੋਸਟ ਵਿੱਚ ਲਿਖਿਆ ਹੈ, “ਇਸਤੋਂ ਵੱਡਾ ਸਬੂਤ ਹੋਰ ਕੀ ਹੋ ਸਕਦੈ। ਦੇਖੋ ਕਿਵੇਂ BJP ਦੇ Presiding Officer ਨੇ ਸ਼ਰੇਆਮ ਖ਼ੁਦ ਹੀ ਵੋਟਾਂ ਕੈਂਸਲ ਕਰਕੇ ਉਡਾਈਆਂ ਲੋਕਤੰਤਰ ਦੀਆਂ ਧੱਜੀਆਂ। ਇਹ ਭਾਜਪਾ ਦੀ ਤਾਨਾਸ਼ਾਹੀ ਦਾ ਜਿਉਂਦਾ ਜਾਗਦਾ ਸਬੂਤ ਹੈ।”