ਪੰਚਕੂਲਾ : ਪੰਚਕੂਲਾ (Panchkula) ‘ਚ ਦਰਦਨਾਕ ਹਾਦਸਾ ਦੇਖਣ ਨੂੰ ਮਿਲਿਆ। ਜਿੱਥੇ ਸੈਕਟਰ-10 ਸਥਿਤ ਇਕ ਮਕਾਨ ਦੀ ਦੂਜੀ ਮੰਜ਼ਿਲ ‘ਤੇ ਬਣੇ ਨੌਕਰ ਰੂਮ ‘ਚ ਅੱਗ ਲੱਗ ਗਈ। ਜਿਸ ਵਿੱਚ 2 ਸਾਲ ਦੀ ਬੱਚੀ ਅਮਾਇਰਾ ਦੀ ਮੌਤ ਹੋ ਗਈ ਅਤੇ ਬੱਚੀ ਦੀ ਮਾਂ ਲਕਸ਼ਮੀ ਵੀ ਬੇਹੋਸ਼ ਹੋ ਗਈ। ਹਾਦਸੇ ਤੋਂ ਬਾਅਦ ਘਰ ਵਿੱਚ ਸੋਗ ਦੀ ਲਹਿਰ ਦੌੜ ਗਈ।
ਘਰ ਦੀ ਮਾਲਕਣ ਪੂਜਾ ਅਗਰਵਾਲ ਨੇ ਦੱਸਿਆ ਕਿ ਇਹ ਪਰਿਵਾਰ ਕਾਫੀ ਸਮੇਂ ਤੋਂ ਨੌਕਰ ਵਾਲੇ ਕਮਰੇ ਵਿੱਚ ਰਹਿ ਰਿਹਾ ਹੈ। ਜਾਂਚ ਅਧਿਕਾਰੀ ਸੈਕਟਰ 10 ਦੀ ਚੌਕੀ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਘਰ ਨੂੰ ਅੱਗ ਲੱਗ ਗਈ ਹੈ।
ਹੈੱਡ ਕਾਂਸਟੇਬਲ ਜਸਵਿੰਦਰ ਸਿੰਘ ਸ਼ੀਸ਼ਾ ਤੋੜ ਕੇ ਘਰ ਦੇ ਅੰਦਰ ਪਹੁੰਚਿਆ, ਜਿੱਥੇ ਕਾਫੀ ਧੂੰਆਂ ਸੀ। ਜਸਵਿੰਦਰ ਸਿੰਘ ਨੇ ਬੈੱਡ ‘ਤੇ ਬੇਹੋਸ਼ੀ ਦੀ ਹਾਲਤ ‘ਚ ਪਈ 2 ਸਾਲਾ ਬੱਚੀ ਨੂੰ ਚੁੱਕ ਕੇ ਹੇਠਾਂ ਉਤਾਰਿਆ ਅਤੇ ਪੰਚਕੂਲਾ ਦੇ ਸੈਕਟਰ 6 ਦੇ ਸਿਵਲ ਹਸਪਤਾਲ ਲੈ ਗਿਆ। ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਪੰਚਕੂਲਾ ਦੇ ਡੀ.ਸੀ.ਪੀ ਸੁਮੇਰ ਪ੍ਰਤਾਪ ਅਤੇ ਏ.ਸੀ.ਪੀ ਸੁਰਿੰਦਰ ਕੁਮਾਰ, ਸੈਕਟਰ-5 ਦੇ ਐਸ.ਐਚ.ਓ ਰੁਪੇਸ਼ ਚੌਧਰੀ, ਸੈਕਟਰ-10 ਚੌਕੀ ਦੇ ਇੰਚਾਰਜ ਵਿਜੇ ਕੁਮਾਰ ਅਤੇ ਜਾਂਚ ਅਧਿਕਾਰੀ ਜਸਵਿੰਦਰ ਸਿੰਘ ਮੌਕੇ ’ਤੇ ਪੁੱਜੇ। ਪੁਲਿਸ ਮੁਤਾਬਕ ਲੜਕੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਲੜਕੀ ਮਾਚਿਸ ਦੀਆਂ ਸਟਿਕਾਂ ਬਾਲਣਾ ਸਿੱਖ ਰਹੀ ਸੀ।