ਗੁਰਦਾਸਪੁਰ : ਅਦਾਕਾਰ ਤੋਂ ਸਿਆਸਤਦਾਨ ਬਣੇ ਸੰਨੀ ਦਿਓਲ (Sunny Deol) ਨੇ ਬਾਲੀਵੁੱਡ ‘ਚ ਆਪਣੀ ਪਛਾਣ ਤਾਂ ਬਣਾ ਲਈ ਹੈ ਪਰ ਰਾਜਨੀਤੀ ‘ਚ ਉਹ ਕੁਝ ਖਾਸ ਨਹੀਂ ਕਰ ਸਕੇ। ਇਸ ਦੀ ਇੱਕ ਉਦਾਹਰਣ ਇਸ ਗੱਲ ਤੋਂ ਮਿਲਦੀ ਹੈ ਕਿ ਗੁਰਦਾਸਪੁਰ (Gurdaspur) ਤੋਂ ਚੋਣ ਜਿੱਤ ਕੇ ਸੰਸਦ ਵਿੱਚ ਪਹੁੰਚੇ ਸੰਨੀ ਦਿਓਲ ਨੇ ਆਪਣੇ 5 ਸਾਲਾਂ ਦੇ ਕਾਰਜਕਾਲ ਵਿੱਚ ਸਿਰਫ਼ 4 ਸਵਾਲ ਹੀ ਪੁੱਛੇ ਹਨ।
ਉਨ੍ਹਾਂ ਦੀ ਸੰਸਦ ‘ਚ ਮੌਜੂਦਗੀ ਵੀ 17 ਫੀਸਦੀ ਦੇ ਕਰੀਬ ਰਹੀ ਹੈ। ਉਹ ਆਪਣੇ ਇਲਾਕੇ ‘ਚ ਘੱਟ ਹੀ ਨਜ਼ਰ ਆਉਂਦੇ ਹਨ, ਜਿਸ ਕਾਰਨ ਲੋਕ ਕਾਫੀ ਨਿਰਾਸ਼ ਨਜ਼ਰ ਆ ਰਹੇ ਹਨ। ਹਾਲਾਂਕਿ ਸੰਨੀ ਦਿਓਲ ਨੇ ਹਾਲ ਹੀ ‘ਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਸਿਆਸੀ ਹਲਕਿਆਂ ‘ਚ ਚਰਚਾ ਹੈ। ਇਲਾਕੇ ਦੇ ਵਿਕਾਸ ਵਿੱਚ ਵੀ ਉਨ੍ਹਾਂ ਨੇ ਕੋਈ ਅਹਿਮ ਯੋਗਦਾਨ ਨਹੀਂ ਪਾਇਆ। ਇਹੀ ਕਾਰਨ ਹੈ ਕਿ ਲੋਕਾਂ ਵਿੱਚ ਉਨ੍ਹਾਂ ਪ੍ਰਤੀ ਭਾਰੀ ਰੋਸ ਹੈ। ਕਈ ਵਾਰ ਉਨ੍ਹਾਂ ਦੇ ਲਾਪਤਾ ਹੋਣ ਦੇ ਪੋਸਟਰ ਵੀ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਲਾਏ ਜਾ ਚੁੱਕੇ ਹਨ।