ਤਰਨਤਾਰਨ : ਗੁਆਂਢੀ ਦੇਸ਼ ਪਾਕਿਸਤਾਨ (Pakistan) ਭਾਰਤ ਦਾ ਮਾਹੌਲ ਖ਼ਰਾਬ ਕਰਨ ਦੇ ਮਕਸਦ ਨਾਲ ਹਰ ਰੋਜ਼ ਡਰੋਨ ਰਾਹੀਂ ਹੈਰੋਇਨ ਤੇ ਹੋਰ ਸਾਮਾਨ ਦੀ ਖੇਪ ਭੇਜਣ ਤੋਂ ਗੁਰੇਜ਼ ਨਹੀਂ ਕਰ ਰਿਹਾ। ਪਰ ਸਰਹੱਦ ‘ਤੇ ਤਾਇਨਾਤ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਦੀ ਸਖ਼ਤ ਕਾਰਵਾਈ ਪਾਕਿਸਤਾਨੀ ਮਨਸੂਬਿਆਂ ਨੂੰ ਕਾਮਯਾਬ ਹੋਣ ਤੋਂ ਰੋਕਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇੱਕ ਚੀਨੀ ਡਰੋਨ ਬਰਾਮਦ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸਬ ਡਿਵੀਜ਼ਨ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਸਵੇਰੇ ਇੱਕ ਸੂਚਨਾ ਦੇ ਆਧਾਰ ਉੱਪਰ ਬੀ.ਐੱਸ.ਐੱਫ ਦੀ 103 ਬਟਾਲੀਅਨ ਅਤੇ ਥਾਣਾ ਖਾਲੜਾ ਦੀ ਪੁਲਿਸ ਵੱਲੋਂ ਸਰਹੱਦ ਨਜ਼ਦੀਕ ਮੌਜੂਦ ਪਿੰਡ ਡਲੀਰੀ ਵਿਖੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ। ਇਸ ਦੌਰਾਨ ਕਾਰਜ਼ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਡਲੀਰੀ ਦੇ ਖੇਤਾਂ ਵਿੱਚੋਂ ਇੱਕ ਚੀਨੀ ਡਰੋਨ ਨੂੰ ਬਰਾਮਦ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕਰਦੇ ਹੋਏ ਇਲਾਕੇ ਵਿੱਚ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ।