Health News : ਸਵੇਰੇ ਉੱਠਦੇ ਸਾਰ ਕੋਸਾ ਪਾਣੀ (‘hot water’) ਪੀਣ ਨਾਲ ਸਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ। ਸਰਦੀਆਂ ‘ਚ ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਪਾਣੀ ਪੀਣਾ ਸਿਹਤ ਲਈ ਰਾਮਬਾਣ ਸਾਬਤ ਹੁੰਦਾ ਹੈ। ਰਾਤ ਨੂੰ ਸੌਂਦੇ ਸਮੇਂ ਮੂੰਹ ਵਿੱਚ ਪੈਦਾ ਹੋਣ ਵਾਲੀ ਲਾਰ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦ ਕਰਦੀ ਹੈ। ਲਾਰ ਮੂੰਹ ‘ਚ ਬਣਨ ਵਾਲਾ ਤਰਲ ਪਦਾਰਥ ਹੈ, ਜੋ ਐਂਟੀਸੈਪਟਿਕ ਵਾਂਗ ਕੰਮ ਕਰਦਾ ਹੈ। ਇਹ ਸਰੀਰ ਨੂੰ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਾ ਕੇ ਰੱਖਦਾ ਹੈ। ਲਾਰ ‘ਚ ਮੌਜੂਦ ਐਂਜ਼ਾਈਮ ਭੋਜਨ ਨੂੰ ਪਚਾਉਣ ’ਚ ਮਦਦ ਕਰਦੇ ਹਨ। ਇਹ ਦੰਦਾਂ ਦੇ ਵਿਚਕਾਰ ਫਸੇ ਹੋਏ ਭੋਜਨ ਨੂੰ ਤੋੜ ਕੇ ਬੈਕਟੀਰੀਆ ਤੋਂ ਬਚਾਉਂਦੀ ਹੈ। ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੋਸਾ ਪਾਣੀ ਪੀਣ ਨਾਲ ਲਾਰ ਢਿੱਡ ‘ਚ ਜਾ ਕੇ ਕਈ ਰੋਗਾਂ ਤੋਂ ਨਿਜ਼ਾਤ ਦਿਵਾਉਂਦੀ ਹੈ। ਕੋਸਾ ਪਾਣੀ ਪੀਣ ਨਾਲ ਸਰੀਰ ਦੀਆਂ ਕਿਹੜੀਆਂ ਬਿਮਾਰੀਆਂ ਛੂ-ਮੰਤਰ ਹੁੰਦੀਆਂ ਹਨ, ਦੇ ਬਾਰੇ ਆਓ ਜਾਣਦੇ ਹਾਂ…
ਬਦਹਜ਼ਮੀ ਦੀ ਸਮੱਸਿਆ
ਰੋਜ਼ਾਨਾ ਸਵੇਰੇ ਕੋਸਾ ਪਾਣੀ ਪੀਣ ਨਾਲ ਬਦਹਜ਼ਮੀ ਦੀ ਸਮੱਸਿਆ ਦੂਰ ਕੀਤੀ ਜਾ ਸਕਦੀ ਹੈ। ਇਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਗਰਮ ਪਾਣੀ ਪੀਣ ਨਾਲ ਭੋਜਨ ਢਿੱਡ ‘ਚ ਜਲਦੀ ਹਜ਼ਮ ਹੋ ਜਾਂਦਾ ਹੈ, ਜਿਸ ਨਾਲ ਪਾਚਨ ਕਿਰਿਆ ਠੀਕ ਹੋਣ ਦੇ ਨਾਲ-ਨਾਲ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਤੋਂ ਨਿਜ਼ਾਤ ਮਿਲਦੀ ਹੈ।
ਮੋਟਾਪਾ ਘੱਟ ਹੁੰਦੈ
ਅੱਜ ਦੇ ਸਮੇਂ ‘ਚ ਕਈ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਮੋਟਾਪਾ ਬਿਮਾਰੀ ਨਹੀਂ ਹੈ। ਜਿਹੜੇ ਲੋਕਾਂ ਦਾ ਭਾਰ ਜ਼ਰੂਰਤ ਤੋਂ ਜ਼ਿਆਦਾ ਹੈ, ਉਹ ਸਵੇਰੇ ਉੱਠ ਕੇ ਬੁਰਸ਼ ਕਰਨ ਤੋਂ ਪਹਿਲਾਂ 1 ਗਲਾਸ ਕੋਸਾ ਪਾਣੀ ਜ਼ਰੂਰ ਪੀਣ। ਤੁਸੀਂ ਚਾਹੋ ਤਾਂ ਪਾਣੀ ‘ਚ ਨਿੰਬੂ ਦਾ ਰਸ ਜਾਂ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ। ਇਹ ਪਾਣੀ ਭਾਰ ਘਟਾਉਣ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਵੀ ਕੰਟਰੋਲ ‘ਚ ਕਰਦਾ ਹੈ।
ਗੋਡਿਆਂ ਦੇ ਦਰਦ ਤੋਂ ਰਾਹਤ
ਅੱਜ ਦੇ ਸਮੇਂ ‘ਚ ਬਹੁਤ ਸਾਰੇ ਬਜ਼ੁਰਗ ਅਤੇ ਲੋਕ ਅਜਿਹੇ ਹਨ, ਜਿਹਨਾਂ ਦੇ ਗੋਡਿਆਂ ਵਿੱਚ ਦਰਦ ਹੁੰਦਾ ਹੈ। ਅਜਿਹੇ ਲੋਕ ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਕੋਸਾ ਪਾਣੀ ਜ਼ਰੂਰ ਪੀਣ, ਜਿਸ ਨਾਲ ਦਰਦ ਤੋਂ ਰਾਹਤ ਮਿਲ ਸਕਦੀ ਹੈ। ਆਯੁਰਵੇਦ ਅਨੁਸਾਰ ਸਵੇਰ ਦੀ ਲਾਰ ਹੱਡੀਆਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਦੀ ਲੁਬਰੀਕੇਸ਼ਨ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ।