ਚੰਡੀਗੜ੍ਹ: ਕੜਾਕੇ ਦੀ ਸਰਦੀ ਵਿੱਚ ਮੁੜ ਤੋਂ ਸਕੂਲਾਂ ਦੀਆਂ ਛੁੱਟੀਆਂ ਦਾ ਇੰਤਜ਼ਾਰ ਕਰ ਰਹੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਲਈ ਅਹਿਮ ਖ਼ਬਰ ਹੈ। ਦਰਅਸਲ, ਸਿੱਖਿਆ ਮੰਤਰੀ ਹਰਜੋਤ ਬੈਂਸ (Education Minister Harjot Bains) ਨੇ ਸਪੱਸ਼ਟ ਕੀਤਾ ਹੈ ਕਿ ਕੜਾਕੇ ਦੀ ਸਰਦੀ ਦੇ ਬਾਵਜੂਦ ਸਕੂਲਾਂ ਵਿੱਚ ਹੋਰ ਛੁੱਟੀਆਂ ਨਹੀਂ ਹੋਣਗੀਆਂ।ਪੀਏਯੂ ਵਿਖੇ ਕਰਵਾਈਆਂ ਗਈਆਂ ਕੌਮੀ ਖੇਡਾਂ ਦੇ ਉਦਘਾਟਨੀ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਵੀ ਮਹਿਸੂਸ ਕਰ ਰਹੇ ਹਨ ਕਿ ਠੰਢ ਬਹੁਤ ਹੈ ਪਰ ਅਕਾਦਮਿਕ ਕੈਲੰਡਰ ਅਨੁਸਾਰ ਫਿਲਹਾਲ ਛੁੱਟੀਆਂ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਵਿਿਦਆਰਥੀਆਂ ਨੂੰ ਹਰ ਸਾਲ 230 ਦਿਨ ਸਕੂਲ ਜਾਣਾ ਪੈਂਦਾ ਹੈ ਪਰ ਹੜ੍ਹਾਂ ਕਾਰਨ ਇਸ ਸੈਸ਼ਨ ਵਿੱਚ ਪਹਿਲਾਂ ਹੀ ਕਈ ਛੁੱਟੀਆਂ ਹੋ ਚੁੱਕੀਆਂ ਹਨ, ਜਿਸ ਕਾਰਨ ਹੁਣ ਛੁੱਟੀਆਂ ਕਰਨਾ ਸੰਭਵ ਨਹੀਂ ਹੈ।
ਬੈਂਸ ਨੇ ਕਿਹਾ ਕਿ ਇਸ ਸਾਲ ਲੋਕ ਸਭਾ ਚੋਣਾਂ ਵੀ ਹਨ, ਜਿਸ ਕਾਰਨ ਬੋਰਡ ਦੀਆਂ ਪ੍ਰੀਖਿਆਵਾਂ ਵੀ ਫਰਵਰੀ ਮਹੀਨੇ ਸ਼ੁਰੂ ਹੋ ਰਹੀਆਂ ਹਨ। ਇਸ ਲਈ ਵਿਿਦਆਰਥੀਆਂ ਕੋਲ ਸਕੂਲਾਂ ਵਿੱਚ ਆ ਕੇ ਰਿਵੀਜ਼ਨ ਕਰਨ ਲਈ ਬਹੁਤ ਘੱਟ ਸਮਾਂ ਰਹਿ ਗਿਆ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਸਕੂਲਾਂ ਵਿੱਚ ਬੱਚਿਆਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਨਗਰ ਸੁਧਾਰ ਟਰੱਸਟ ਅਤੇ ਗਲਾਡਾ ਤੋਂ ਜਗ੍ਹਾ ਲੈ ਕੇ ਨਵੇਂ ਸਕੂਲ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਟੀਚੇ ਦੀ ਪ੍ਰਾਪਤੀ ਲਈ ਉਨ੍ਹਾਂ ਨੇ ਲੁਧਿਆਣਾ ਦੇ ਵਿਧਾਇਕਾਂ ਨਾਲ ਮੀਟਿੰਗ ਵੀ ਕੀਤੀ ਹੈ ਤਾਂ ਜੋ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਜਾ ਸਕੇ।