ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਪਟੜੀ ਤੋਂ ਉਤਰ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸੁਖਬੀਰ ਬਾਦਲ (Sukhbir Badal) ਨਵੀਂ ਰਣਨੀਤੀ ਬਣਾਉਣ ਵਿੱਚ ਲੱਗੇ ਹੋਏ ਹਨ। ਇਸ ਸੰਦਰਭ ਵਿੱਚ ਪਾਰਟੀ ਹੁਣ ਤੋਂ ਹੀ ਲੋਕ ਸਭਾ ਚੋਣਾਂ (Lok Sabha elections) ਲਈ ਆਪਣੇ ਉਮੀਦਵਾਰਾਂ ਦੀ ਚੋਣ ਕਰਨਾ ਚਾਹੁੰਦੀ ਹੈ ਤਾਂ ਜੋ ਉਮੀਦਵਾਰਾਂ ਨੂੰ ਆਪਣੇ ਪ੍ਰਚਾਰ ਦਾ ਪੂਰਾ ਮੌਕਾ ਮਿਲ ਸਕੇ। ਭਾਜਪਾ ਨਾਲ ਗਠਜੋੜ ਦੇ ਰੌਲਾ-ਰੱਪਾ ਦਰਮਿਆਨ ਅਕਾਲੀ ਦਲ ਨੇ ਵੀ ਅਜਿਹੇ ਲੋਕ ਸਭਾ ਹਲਕਿਆਂ ਦੀ ਨਿਸ਼ਾਨਦੇਹੀ ਕਰ ਲਈ ਹੈ, ਜਿਨ੍ਹਾਂ ‘ਤੇ ਉਸ ਦੇ ਉਮੀਦਵਾਰਾਂ ਦਾ ਚੋਣ ਲੜਨਾ ਤੈਅ ਹੈ।
ਮੰਨਿਆ ਜਾ ਰਿਹਾ ਹੈ ਕਿ ਸੂਬੇ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਨਵੇਂ ਸਮਝੌਤੇ ਤਹਿਤ ਅਕਾਲੀ ਦਲ ਦੇ ਹਿੱਸੇ ਹੁਣ 10 ਦੀ ਥਾਂ ਸਿਰਫ਼ 7-8 ਸੀਟਾਂ ਹੀ ਆਉਣਗੀਆਂ। ਜੇਕਰ ਗਠਜੋੜ ਹੁੰਦਾ ਹੈ ਤਾਂ ਮਾਲਵੇ ਦੀਆਂ ਦੋ ਸੀਟਾਂ ਭਾਜਪਾ ਦੇ ਕੋਟੇ ਵਿਚ ਆ ਸਕਦੀਆਂ ਹਨ। ਇਸ ਤੋਂ ਇਲਾਵਾ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਬਾਦਲ ਦੇ ਮੁੜ ਉਸੇ ਹਲਕੇ ਤੋਂ ਚੋਣ ਲੜਨ ਬਾਰੇ ਵੀ ਸ਼ੰਕੇ ਵੱਧਦੇ ਜਾ ਰਹੇ ਹਨ।