ਲਗਾਤਾਰ ਵੱਧ ਰਹੀ ਮਹਿੰਗਾਈ ਦਰਮਿਆਨ ਲੋਕਾਂ ਨੂੰ ਇੱਕ ਹੋਰ ਝਟਕਾ ਲੱਗਾ ਹੈ। ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (National Highway Authority of India) ਵੱਲੋਂ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਦੇ ਰੇਟ ਇੱਕ ਵਾਰ ਫਿਰ ਵਧਾ ਦਿੱਤੇ ਗਏ ਹਨ। ਨਵੀਆਂ ਦਰਾਂ ਸ਼ੁੱਕਰਵਾਰ ਰਾਤ ਤੋਂ ਲਾਗੂ ਹੋ ਗਈਆਂ ਹਨ ਅਤੇ ਦਰਾਂ ਵਿੱਚ 30 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਹੁਣ ਇਕ ਵਾਰੀ ਯਾਤਰਾ ਲਈ ਤੁਹਾਨੂੰ ਕਾਰ-ਜੀਪ-ਵੈਨ ਲਈ 215 ਰੁਪਏ ਦੇਣੇ ਪੈਣਗੇ ਜਦਕਿ ਪਹਿਲਾਂ ਤੁਹਾਨੂੰ 165 ਰੁਪਏ ਦੇਣੇ ਪੈਂਦੇ ਸਨ। ਜਦੋਂ ਕਿ ਜਿਨ੍ਹਾਂ ਵਾਹਨਾਂ ‘ਚ ਫਾਸਟੈਗ ਨਹੀਂ ਹੈ, ਉਨ੍ਹਾਂ ‘ਤੇ ਡਬਲ ਚਾਰਜ ਲੱਗੇਗਾ, ਯਾਨੀ ਜਿਨ੍ਹਾਂ ਗੱਡੀਆਂ ‘ਚ ਫਾਸਟੈਗ ਨਹੀਂ ਹੈ, ਉਨ੍ਹਾਂ ਨੂੰ 430 ਰੁਪਏ ਦੇਣੇ ਹੋਣਗੇ।
ਇਸ ਦੇ ਨਾਲ ਹੀ ਮਲਟੀ-ਐਕਸਲ ਵਾਹਨਾਂ ਲਈ ਟੋਲ ਦਰਾਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ। 3 ਐਕਸਲ ਵਾਲੇ ਕਮਰਸ਼ੀਅਲ ਵਾਹਨ ਲਈ 795 ਰੁਪਏ, 4-6 ਐਕਸਲ ਵਾਲੇ ਵਾਹਨਾਂ ਨੂੰ 1140 ਰੁਪਏ ਅਤੇ ਸੱਤ ਜਾਂ ਇਸ ਤੋਂ ਵੱਧ ਐਕਸਲ ਵਾਲੇ ਵੱਡੇ ਵਾਹਨਾਂ ਨੂੰ 1390 ਰੁਪਏ ਅਦਾ ਕਰਨੇ ਪੈਣਗੇ। ਮਾਸਿਕ ਟੋਲ ਪਾਸ ‘ਚ ਵੀ ਬਦਲਾਅ ਕੀਤਾ ਗਿਆ ਹੈ, ਇਹ ਸਿਰਫ ਟੋਲ ਪਲਾਜ਼ਾ ਤੋਂ 20 ਕਿਲੋਮੀਟਰ ਦੇ ਦਾਇਰੇ ‘ਚ ਰਹਿਣ ਵਾਲੇ ਲੋਕਾਂ ਤੱਕ ਸੀਮਤ ਹੋ ਗਿਆ ਹੈ।
- TAGS