ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਪਿਛਲੇ ਸਾਲਾਂ ਦੌਰਾਨ ਪਾਰਟੀ ਛੱਡ ਚੁੱਕੇ ਸਾਰੇ ਆਗੂਆਂ ਨੂੰ ਮੁੜ ਪਾਰਟੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ‘ਜਾਗੋ ਪਾਰਟੀ’ ਦੇ ਸਰਪ੍ਰਸਤ ਮਨਜੀਤ ਸਿੰਘ ਜੀਕੇ (Manjit Singh GK) ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਹੋ ਗਈ ਹੈ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਮੁੜ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਆਗੂ ਵੀ ਅਕਾਲੀ ਦਲ ਵਿੱਚ ਸ਼ਾਮਲ ਹੋਏ।
ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੇ ਸੀਨੀਅਰ ਆਗੂ ਐਤਵਾਰ ਨੂੰ ਹੀ ਦਿੱਲੀ ਪਹੁੰਚ ਗਏ ਸਨ। ਅਕਾਲੀ ਦਲ ‘ਚ ਵਾਪਸੀ ਤੋਂ ਬਾਅਦ ਜੀ.ਕੇ ਨੇ ਕਿਹਾ, ”ਮੈਂ ਬਿਨਾਂ ਸ਼ਰਤ ਵਾਪਸੀ ਕਰ ਰਿਹਾ ਹਾਂ।” ਅੱਜ ਸਾਨੂੰ ਸਿੱਖਾਂ ਦੇ ਮੁੱਦਿਆਂ ‘ਤੇ ਇਕਜੁੱਟ ਹੋਣ ਦੀ ਲੋੜ ਹੈ। ਅਸੀਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਂਗੇ ਅਤੇ ਦੇਸ਼ ਦੇ ਹਿੱਤ ਸਾਡੇ ਲਈ ਸਰਵਉੱਚ ਹਨ।” ਉਨ੍ਹਾਂ ਇਹ ਵੀ ਕਿਹਾ ਕਿ ਅੱਜ ਸਿੱਖਾਂ ਦੇ ਮੁੱਦੇ ‘ਤੇ ਇਕਜੁੱਟ ਹੋਣ ਦੀ ਲੋੜ ਹੈ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਇਕੱਠੇ ਹੋ ਕੇ ਲੜਾਂਗੇ।
ਜ਼ਿਕਰਯੋਗ ਹੈ ਕਿ ਸਾਲ 2019 ‘ਚ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਕਾਰਨ ਮਨਜੀਤ ਸਿੰਘ ਜੀਕੇ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਗੁਰਦੁਆਰਾ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ, ਜਿਸ ਦਾ ਨਾਂ ‘ਜਾਗੋ ਪਾਰਟੀ’ ਰੱਖਿਆ ਗਿਆ।