ਤਰਨਤਾਰਨ : ਪੰਜਾਬ ‘ਚ ਇਕ ਵਾਰ ਫਿਰ ਪੁਲਿਸ ਅਤੇ ਗੈਂਗਸਟਰਾਂ (police and gangsters) ਵਿਚਾਲੇ ਮੁੱਠਭੇੜ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਸ਼ਹਿਰ ਘਰਿਆਲਾ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਹੋਈ। ਇਸ ਦੌਰਾਨ ਗੈਂਗਸਟਰ ਦੀ ਕਾਰ ਖੇਤਾਂ ‘ਚ ਡਿੱਗ ਗਈ ਅਤੇ ਉਹ ਮੌਕੇ ਤੋਂ ਪੁਲਿਸ ‘ਤੇ ਫਾਇਰਿੰਗ ਕਰਕੇ ਫਰਾਰ ਹੋ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਊਂਟਰ ਇੰਟੈਲੀਜੈਂਸ ਦੀ ਪੁਲਿਸ ਅੰਮ੍ਰਿਤਸਰ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਇਕ ਵਿਅਕਤੀ ਜਿਸ ਕੋਲ ਨਾਜਾਇਜ਼ ਹਥਿਆਰ ਅਤੇ ਨਸ਼ੀਲਾ ਪਦਾਰਥ ਮੌਜੂਦ ਹੈ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਅੱਜ ਇਹ ਸਰਹੱਦੀ ਇਲਾਕੇ ਨਜ਼ਦੀਕ ਸਪਲਾਈ ਕਰਨ ਆਇਆ ਹੈ। ਇਸ ਦੌਰਾਨ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਟਰੈਪ ਲਗਾਉਂਦੇ ਹੋਏ ਚਿੱਟੇ ਰੰਗ ਦੀ ਸਵਿਫਟ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਗੈਂਗਸਟਰ ਨੇ ਆਪਣੀ ਕਾਰ ਤੇਜ਼ ਰਫਤਾਰ ਨਾਲ ਭਜਾਉਣੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਧੁੰਦ ਕਾਰਨ ਉਸ ਦੀ ਕਾਰ ਪਿੰਡ ਕਰਿਆਲਾ ਨੇੜੇ ਰੇਲਵੇ ਫਾਟਕ ‘ਤੇ ਖੇਤਾਂ ‘ਚ ਜਾ ਡਿੱਗੀ।