ਚੰਡੀਗੜ੍ਹ, 6 ਦਸੰਬਰ : ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਮਰਹੂਮ ਰਾਸ਼ਟਰਪਤੀ ਤੇ ਸੀਨੀਅਰ ਕਾਂਗਰਸੀ ਆਗੂ ਸ੍ਰੀ ਪ੍ਰਣਾਬ ਮੁਖਰਜੀ ਦੀ ਧੀ ਵੱਲੋਂ ਉਹਨਾਂ ਦੀਆਂ ਡਾਇਰੀਆਂ ਸਬੰਧੀ ਪ੍ਰਕਾਸ਼ਤ ਪੁਸਤਕ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਅਨਾੜੀਪਨ ਤੇ ਹੰਕਾਰ ਬਾਰੇ ਭਾਜਪਾ ਦੀ ਗੱਲ ਨੂੰ ਸਹੀ ਠਹਿਰਾ ਦਿੱਤਾ ਹੈ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਕਿਹਾ ਕਿ ਸ੍ਰੀ ਪ੍ਰਣਾਬ ਮੁਖਰਜੀ ਨੇ ਆਪਣੀ ਡਾਇਰੀ ਵਿਚ ਲਿਖਿਆ ਸੀ ਕਿ ਰਾਹੁਲ ਗਾਂਧੀ ਵਿਚ ਰਾਜਨੀਤਕ ਸਿਆਣਪ ਦੀ ਘਾਟ ਹੈ ਤੇ ਉਸ ਵੱਲੋਂ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੇ ਮੰਤਰੀ ਮੰਡਲ ਵੱਲੋਂ ਪਾਸ ਕੀਤੇ ਆਰਡੀਨੈਂਸ ਨੂੰ ਪਾੜਨਾ ਗਲਤ ਤੇ ਗੈਰ ਲੋੜੀਂਦਾ ਸੀ। ਉਹਨਾਂ ਲਿਖਿਆ ਸੀ ਕਿ ਰਾਹੁਲ ਗਾਂਧੀ ਵਿਚ ਗਾਂਧੀ ਤੇ ਨਹਿਰੂ ਪਰਿਵਾਰ ਵਾਲਾ ਹੰਕਾਰ ਤਾਂ ਹੈ ਪਰ ਸਿਆਸੀ ਸਿਆਣਪ ਨਹੀਂ ਹੈ।
ਉਹਨਾਂ ਕਿਹਾ ਕਿ ਜਦੋਂ ਭਾਜਪਾ ਤੇ ਦੇਸ਼ ਦੇ ਲੋਕ ਰਾਹੁਲ ਗਾਂਧੀ ਦੇ ਅਨਾੜੀਪਨ ਦੀ ਗੱਲ ਕਰਦੇ ਸਨ ਤਾਂ ਉਹਨਾਂ ਦੇ ਮਾਤਾ ਸ੍ਰੀਮਤੀ ਸੋਨੀਆ ਗਾਂਧੀ ਨੂੰ ਬਹੁਤ ਬੁਰਾ ਲੱਗਾ ਸੀ ਪਰ ਹੁਣ ਸ੍ਰੀ ਪ੍ਰਣਾਬ ਮੁਖਰਜੀ ਦੀਆਂ ਡਾਇਰੀਆਂ ਨੇ ਰਾਹੁਲ ਗਾਂਧੀ ਬਾਰੇ ਲੋਕਾਂ ਦੇ ਐਲਾਨ ਨੂੰ ਸਹੀ ਠਹਿਰਾ ਦਿੱਤਾ ਹੈ।
ਉਹਨਾਂ ਨੇ ਇਹ ਵੀ ਕਿਹਾ ਕਿ ਸ੍ਰੀ ਮੁਖਰਜੀ ਨੇ ਇਹ ਵੀ ਲਿਖਿਆ ਹੈ ਕਿ ਰਾਹੁਲ ਗਾਂਧੀ ਵੱਲੋਂ ਆਰਡੀਨੈਂਸ ਪਾੜਨਾ ਯੂ ਪੀ ਏ ਸਰਕਾਰ ਦੇ ਦੂਜੇ ਕਾਰਜਕਾਲ ਦੇ ਤਾਬੂਤ ਵਿਚ ਆਖਰੀ ਕਿੱਲ ਸਾਬਤ ਹੋਇਆ।
ਸਰਦਾਰ ਸਿਰਸਾ ਨੇ ਕਿਹਾ ਕਿ ਸ੍ਰੀ ਪ੍ਰਣਾਬ ਮੁਖਰਜੀ ਦੀਆਂ ਲਿਖਤਾਂ ਨੇ ਮੁੜ ਪੁਸ਼ਟੀ ਕੀਤੀ ਹੈ ਕਿ ਰਾਹੁਲ ਗਾਂਧੀ ਬਚਕਾਨਾ ਦਿਮਾਗ ਦੇ ਮਾਲਕ ਹਨ ਜਿਹਨਾਂ ਵਿਚ ਸਿਆਸੀ ਸਿਆਣਪ ਨਹੀਂ ਹੈ।