ਨਵੀਂ ਦਿੱਲੀ: ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਵਿਡ -19 (Covid-19) ਦੇ 203 ਮਾਮਲੇ ਦਰਜ ਕੀਤੇ ਗਏ ਹਨ ਜਦੋਂ ਕਿ ਇਸ ਬਿਮਾਰੀ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 2,034 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਇਸ ਬਿਮਾਰੀ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਇੱਕ ਦੀ ਮੌਤ ਕੇਰਲ ਵਿੱਚ ਹੋਈ ਹੈ, ਜਦੋਂ ਕਿ ਦੂਜੇ ਦੀ ਮਹਾਰਾਸ਼ਟਰ ਵਿੱਚ ਮੌਤ ਹੋ ਗਈ ਹੈ।
ਪਿਛਲੇ ਸਾਲ 5 ਦਸੰਬਰ ਤੱਕ ਕੋਰੋਨਾ ਵਾਇਰਸ ਦੇ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਘੱਟ ਕੇ ਦੋਹਰੇ ਅੰਕ ਤੱਕ ਆ ਗਈ ਸੀ ਪਰ ਵਾਇਰਸ ਦੇ ਨਵੇਂ ਵੈਂਰੀਐਂਟ ਜੇ.ਐੱਨ.1 ਅਤੇ ਸਰਦੀ ਦੇ ਮੌਸਮ ਕਾਰਨ ਮਾਮਲਿਆਂ ‘ਚ ਵਾਧਾ ਹੋਣਾ ਸ਼ੁਰੂ ਹੋਇਆ। ਸਰਕਾਰੀ ਸੂਤਰਾਂ ਨੇ ਦੱਸਿਆ ਕਿ 5 ਦਸੰਬਰ 2023 ਦੇ ਬਾਅਦ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਸਭ ਤੋਂ ਵੱਧ 841 ਨਵੇਂ ਕੇਸ 31 ਦਸੰਬਰ ਨੂੰ ਦਰਜ ਕੀਤੇ ਗਏ, ਜੋ ਮਈ 2021 ਵਿੱਚ ਦਰਜ ਕੀਤੇ ਗਏ ਸਭ ਤੋਂ ਵੱਧ ਕੇਸਾਂ ਦਾ 0.2 ਪ੍ਰਤੀਸ਼ਤ ਸੀ।