ਚੰਡੀਗੜ੍ਹ : ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Gurmeet Singh Khudian) ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸੰਗਰੂਰ ਖੇਤਰ ਦੇ ਗੰਨਾ ਕਾਸ਼ਤਕਾਰਾਂ (sugarcane farmers) ਦੇ ਬੈਂਕ ਖਾਤਿਆਂ ਵਿੱਚ ਸੋਮਵਾਰ ਤੱਕ ਗੰਨੇ ਦੀ ਬਕਾਇਆ ਰਾਸ਼ੀ 1.05 ਕਰੋੜ ਰੁਪਏ ਪਾਈ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇਸ ਮਹੀਨੇ ਦੇ ਅੰਤ ਤੱਕ ਭਗਵਾਨਪੁਰਾ ਸ਼ੂਗਰ ਮਿੱਲ ਤੋਂ ਕਿਸਾਨਾਂ ਨੂੰ ਬਕਾਇਆ ਰਾਸ਼ੀ (ਲਗਭਗ 6.95 ਕਰੋੜ ਰੁਪਏ) ਜਾਰੀ ਕਰਵਾਉਣ ਲਈ ਵੀ ਕਿਹਾ।
ਖੇਤੀਬਾੜੀ ਮੰਤਰੀ ਨੇ ਇਹ ਨਿਰਦੇਸ਼ ਵੀਰਵਾਰ ਨੂੰ ਆਪਣੇ ਦਫ਼ਤਰ ਵਿਖੇ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ, ਮੈਸਰਜ਼ ਭਗਵਾਨਪੁਰਾ ਸ਼ੂਗਰ ਮਿੱਲ, ਧੂਰੀ ਦੇ ਪ੍ਰਬੰਧਕਾਂ ਅਤੇ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ, ਧੂਰੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਜਾਰੀ ਕੀਤੇ।