ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (Bharatiya Kisan Union) ਇੱਕ ਵਾਰ ਫਿਰ ਮੋਰਚਾ ਸ਼ੁਰੂ ਕਰਨ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਵੀਰ ਸਿੰਘ ਰਾਜੇਵਾਲ (Balveer Singh Rajewal) ਨੇ ਦੱਸਿਆ ਕਿ 5 ਕਿਸਾਨ ਜਥੇਬੰਦੀਆਂ ਵੱਲੋਂ 18 ਜਨਵਰੀ ਤੋਂ ਚੰਡੀਗੜ੍ਹ ਵਿੱਚ ਰੋਸ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਹੈ ਕਿ ਮੁਆਵਜ਼ੇ ਦੇ ਮੁੱਦੇ ‘ਤੇ ਮੋਰਚਾ ਲਾਇਆ ਜਾ ਰਿਹਾ ਹੈ ਅਤੇ ਧਰਤੀ ਹੇਠਲੇ ਪਾਣੀ ਦੇ ਘਟਣ ਦੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਵਿਗਿਆਨਕ ਸਰਵੇਖਣ ਅਨੁਸਾਰ 2025 ਤੱਕ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਚਲਾ ਜਾਵੇਗਾ, ਜੋ ਕਿ ਚਿੰਤਾ ਦਾ ਵਿਸ਼ਾ ਹੈ।
ਬਲਵੀਰ ਸਿੰਘ ਰਾਜੇਵਾਲ ਨੇ ਪੰਜਾਬ ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਗੰਨੇ ਦੇ ਰੇਟ ਵਿੱਚ ਕੀਤਾ ਗਿਆ ਵਾਧਾ ਨਾ-ਮਾਤਰ ਹੈ। ਉਨ੍ਹਾਂ ਕਿਹਾ ਕਿ ਉਹ ਮੋਹਾਲੀ ਵਿੱਚ ਨਹੀਂ ਸਗੋਂ ਚੰਡੀਗੜ੍ਹ ਵਿੱਚ ਮੋਰਚਾ ਲਾਉਣਗੇ। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਇਸ ‘ਤੇ ਪੰਜਾਬੀਆਂ ਦਾ ਹੱਕ ਹੈ। ਜੇਕਰ ਕੋਈ ਵਿਰੋਧ ਕਰਨਾ ਚਾਹੁੰਦਾ ਹੈ ਤਾਂ ਚੰਡੀਗੜ੍ਹ ਵਿੱਚ ਕਰ ਸਕਦਾ ਹੈ। ਕਿਸੇ ਨੂੰ ਵਿਰੋਧ ਕਰਨ ਤੋਂ ਰੋਕਣਾ ਲੋਕਤੰਤਰ ਦਾ ਕਤਲ ਹੈ।